ਬਰਮਿੰਘਮ: ਰਾਸ਼ਟਰਮੰਡਲ ਖੇਡਾਂ 2022 ਵਿੱਚ ਵੀਰਵਾਰ ਨੂੰ ਇੰਗਲੈਂਡ ਅਤੇ ਕੈਨੇਡਾ ਵਿਚਾਲੇ ਪੁਰਸ਼ਾਂ ਦਾ ਹਾਕੀ ਮੈਚ ਖੇਡਿਆ ਗਿਆ। ਇਸ ਮੈਚ ਦੌਰਾਨ ਦੋ ਖਿਡਾਰੀਆਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਇਸ ਲੜਾਈ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। ਲੜਾਈ ਇੰਨੀ ਵਧ ਗਈ ਕਿ ਰੈਫਰੀ ਨੂੰ ਦਖ਼ਲ ਦੇਣਾ ਪਿਆ। ਇਸ ਮੈਚ ਦੌਰਾਨ ਕੈਨੇਡਾ ਦੇ ਬਲਰਾਜ ਪਨੇਸਰ ਅਤੇ ਇੰਗਲੈਂਡ ਦੇ ਕ੍ਰਿਸ ਗ੍ਰਿਫਿਥ ਨੇ ਇਕ ਦੂਜੇ ਦਾ ਗਲਾ ਫੜ ਲਿਆ ਅਤੇ ਮੈਦਾਨ 'ਤੇ ਹੀ ਭਿੜ ਗਏ।
ਰਾਸ਼ਟਰਮੰਡਲ ਖੇਡਾਂ 2022 ਦੇ ਸੈਮੀਫਾਈਨਲ 'ਚ ਪਹੁੰਚਣ ਲਈ ਇੰਗਲੈਂਡ ਨੂੰ ਵੱਡੇ ਫਰਕ ਨਾਲ ਜਿੱਤਣਾ ਸੀ। ਇਸ ਦੇ ਲਈ ਇੰਗਲੈਂਡ ਦੀ ਟੀਮ ਦੇ ਖਿਡਾਰੀ ਕੈਨੇਡਾ ਖਿਲਾਫ ਗੋਲ ਕਰਨ ਲਈ ਲਗਾਤਾਰ ਹਮਲਾਵਰ ਖੇਡ ਦਿਖਾ ਰਹੇ ਸਨ। ਫਿਰ ਕੈਨੇਡੀਅਨ ਖਿਡਾਰੀ ਬਲਰਾਜ ਪਨੇਸਰ ਦੀ ਹਾਕੀ ਸਟਿੱਕ ਇੰਗਲੈਂਡ ਦੇ ਗ੍ਰਿਫਿਥ ਦੇ ਹੱਥ ਵਿੱਚ ਵੱਜੀ ਅਤੇ ਫਸ ਗਈ। ਇਸ ਨਾਲ ਇੰਗਲਿਸ਼ ਖਿਡਾਰੀ ਨਾਰਾਜ਼ ਹੋ ਗਏ ਅਤੇ ਪਨੇਸਰ ਨੂੰ ਧੱਕਾ ਦੇ ਦਿੱਤਾ। ਜਿਸ ਕਾਰਨ ਪਨੇਸ਼ਰ ਗੁੱਸੇ 'ਚ ਆ ਗਿਆ ਅਤੇ ਉਸ ਨੇ ਗ੍ਰਿਫਿਥ ਦਾ ਗਲਾ ਫੜ ਲਿਆ। ਫਿਰ ਦੋਵੇਂ ਖਿਡਾਰੀਆਂ ਨੇ ਇਕ-ਦੂਜੇ ਦੀ ਟੀ-ਸ਼ਰਟ ਫੜ ਲਈ ਅਤੇ ਖਿੱਚਣਾ ਸ਼ੁਰੂ ਕਰ ਦਿੱਤਾ।