ਬਰਮਿੰਘਮ:ਭਾਰਤ ਦੇ ਮੁਰਲੀ ਸ਼੍ਰੀਸ਼ੰਕਰ ਨੇ ਵੀਰਵਾਰ ਨੂੰ ਰਾਸ਼ਟਰਮੰਡਲ ਖੇਡਾਂ (commonwealth games) ਦੇ ਐਥਲੈਟਿਕਸ ਮੁਕਾਬਲੇ ਦੇ ਪੁਰਸ਼ਾਂ ਦੀ ਲੰਬੀ ਛਾਲ ਮੁਕਾਬਲੇ 'ਚ ਚਾਂਦੀ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਇਸ ਦੇ ਨਾਲ ਹੀ ਮੁਹੰਮਦ ਅਨੀਸ ਯਾਹੀਆ ਪੰਜਵੇਂ ਸਥਾਨ 'ਤੇ ਰਹੇ। ਸ਼੍ਰੀਸ਼ੰਕਰ (Srishankar) ਰਾਸ਼ਟਰਮੰਡਲ ਖੇਡਾਂ ਦੇ 'ਪੁਰਸ਼ਾਂ ਦੀ ਲੰਬੀ ਛਾਲ' ਈਵੈਂਟ 'ਚ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਸ਼੍ਰੀਸ਼ੰਕਰ ਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ 8.08 ਮੀਟਰ ਦੀ ਦੂਰੀ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਸੋਨ ਤਗ਼ਮਾ ਜਿੱਤਣ ਵਾਲੇ ਬਹਾਮਾਸ ਦੇ ਲੇਕੁਆਨ ਨਾਇਰਨ ਨੇ ਵੀ ਆਪਣੀ ਦੂਜੀ ਕੋਸ਼ਿਸ਼ ਵਿੱਚ 8.08 ਮੀਟਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ।
ਦੱਖਣੀ ਅਫਰੀਕਾ ਦੇ ਯੋਵਾਨ ਵਾਨ ਵੁਰੇਨ ਨੇ 8.06 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਸ਼੍ਰੀਸ਼ੰਕਰ ਅਤੇ ਯਾਹੀਆ ਦੋਵੇਂ ਕ੍ਰਮਵਾਰ 8.36 ਮੀਟਰ ਅਤੇ 8.15 ਮੀਟਰ ਦੇ ਆਪਣੇ ਨਿੱਜੀ ਅਤੇ ਸੀਜ਼ਨ ਦੇ ਸਰਵੋਤਮ ਪ੍ਰਦਰਸ਼ਨ ਤੋਂ ਬਹੁਤ ਘੱਟ ਰਹੇ। ਜੇਕਰ ਇਹ ਦੋਵੇਂ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਨਾਲ ਮੇਲ ਖਾਂਦੇ ਤਾਂ ਭਾਰਤ ਨੂੰ ਸੋਨੇ ਅਤੇ ਚਾਂਦੀ ਦੇ ਤਗਮੇ ਮਿਲ ਸਕਦੇ ਸਨ।
ਸ਼੍ਰੀਸ਼ੰਕਰ ਕੁਆਲੀਫਾਇੰਗ ਗੇੜ ਵਿੱਚ 8.05 ਮੀਟਰ ਦੇ ਸਮੇਂ ਦੇ ਨਾਲ ਅੱਠ ਮੀਟਰ ਦੇ ਆਟੋਮੈਟਿਕ ਕੁਆਲੀਫਾਇੰਗ ਪੱਧਰ ਨੂੰ ਪ੍ਰਾਪਤ ਕਰਨ ਵਾਲਾ ਇੱਕਮਾਤਰ ਖਿਡਾਰੀ ਸੀ। ਸ਼੍ਰੀਸ਼ੰਕਰ ਅਤੇ ਯਾਹੀਆ ਛੇ ਕੋਸ਼ਿਸ਼ਾਂ ਦੇ ਫਾਈਨਲ ਵਿੱਚ ਤਿੰਨ ਕੋਸ਼ਿਸ਼ਾਂ ਤੋਂ ਬਾਅਦ ਕ੍ਰਮਵਾਰ ਛੇਵੇਂ ਅਤੇ ਅੱਠਵੇਂ ਸਥਾਨ 'ਤੇ ਰਹੇ। ਬਾਰ੍ਹਾਂ ਖਿਡਾਰੀਆਂ ਦੇ ਫਾਈਨਲ ਵਿੱਚ ਤਿੰਨ ਕੋਸ਼ਿਸ਼ਾਂ ਤੋਂ ਬਾਅਦ, ਸਿਰਫ਼ ਚੋਟੀ ਦੇ ਅੱਠ ਖਿਡਾਰੀਆਂ ਨੂੰ ਅਗਲੀਆਂ ਤਿੰਨ ਕੋਸ਼ਿਸ਼ਾਂ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ।