ਹਰਿਆਣਾ/ਚੰਡੀਗੜ੍ਹ : ਬੀਤੇ ਕੁਝ ਮਹੀਨਿਆਂ ਤੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਯੂਐੱਫਆਈ) ਨੂੰ ਲੈ ਕੇ ਵੱਡਾ ਵਿਵਾਦ ਛਿੜਿਆ ਹੋਇਆ ਹੈ। ਇਸ ਵਿਚਾਲੇ ਜਿਥੇ ਕੁਸ਼ਤੀ ਫੇਸਰੇਸ਼ਨ ਦੇ ਪ੍ਰਧਾਨ ਦੀ ਬਦਲੀ ਹੋਈ ਹੈ ਉਥੇ ਹੀ ਪਹਿਲਾਂ ਸਾਕਸ਼ੀ ਮਲਿਕ ਨੇ ਕੁਸ਼ਤੀ ਨੂੰ ਅਲਵਿਦਾ ਆਖ ਦਿੱਤਾ ਹੈ। ਜਿਸ ਨਾਲ ਇਸ ਵਿਵਾਦ ਨੂੰ ਹੋਰ ਹਵਾ ਮਿਲੀ ਹੈ। ਪਹਿਲਵਾਨਾਂ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਰੋਸ ਵਿਚਾਲੇ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਸਵੇਰੇ ਹਰਿਆਣਾ ਦੇ ਝੱਜਰ ਦੇ ਛਾਰਾ ਪਿੰਡ ਸਥਿਤ ਅਖਾੜੇ 'ਚ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਬਜਰੰਗ ਪੁਨੀਆ ਵੀ ਮੌਜੂਦ ਸਨ। ਰਾਹੁਲ ਗਾਂਧੀ ਨੇ ਵੀ ਬਜਰੰਗ ਪੂਨੀਆ ਨਾਲ ਕਾਫੀ ਦੇਰ ਤੱਕ ਅਖਾੜੇ 'ਚ ਸਮਾਂ ਵਤੀਤ ਕੀਤਾ।
ਪਹਿਲਵਾਨਾਂ ਨਾਲ ਬਿਤਾਇਆ ਲੰਮਾ ਸਮਾਂ :ਰਾਹੁਲ ਗਾਂਧੀ ਕਰੀਬ ਢਾਈ ਘੰਟੇ ਅਖਾੜੇ ਵਿੱਚ ਰਹੇ। ਇਸ ਦੌਰਾਨ ਉਹ ਅਖਾੜੇ ਵਿੱਚ ਕੁਸ਼ਤੀ ਦੇ ਗੁਰ ਸਿੱਖ ਰਹੇ ਨਵੇਂ ਪਹਿਲਵਾਨਾਂ ਅਤੇ ਕੋਚ ਵਰਿੰਦਰ ਨੂੰ ਵੀ ਮਿਲੇ। ਇਹ ਵਰਿੰਦਰ ਹੀ ਸੀ ਜਿਸ ਨੇ ਬਜਰੰਗ ਅਤੇ ਦੀਪਕ ਪੂਨੀਆ ਨੂੰ ਕੁਸ਼ਤੀ ਦੇ ਗੁਰ ਸਿਖਾਏ ਸਨ। ਇਸ ਅਖਾੜੇ ਵਿੱਚ ਪਹਿਲਵਾਨ ਬਜਰੰਗ ਪੂਨੀਆ ਅਤੇ ਦੀਪਕ ਪੂਨੀਆ ਨੇ ਕੁਸ਼ਤੀ ਸ਼ੁਰੂ ਕੀਤੀ। ਇਸ ਦੌਰਾਨ ਆਪਣਾ ਪ੍ਰਤੀਕਰਮ ਦਿੰਦੇ ਹੋਏ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਰਾਹੁਲ ਗਾਂਧੀ ਸਾਡਾ ਰੁਟੀਨ ਦੇਖਣ ਲਈ ਅਖਾੜੇ 'ਚ ਆਏ ਸਨ। ਰਾਹੁਲ ਗਾਂਧੀ ਇਹ ਦੇਖਣ ਆਏ ਸਨ ਕਿ ਖਿਡਾਰੀ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ। ਪਹਿਲਵਾਨਾਂ ਵਿਚਾਲੇ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਰਾਹੁਲ ਗਾਂਧੀ ਦਿੱਲੀ ਲਈ ਰਵਾਨਾ ਹੋਏ।
ਜਿੰਦਾਦਿਲੀ ਦੀ ਦਿੱਤੀ ਮਿਸਾਲ : ਰਾਹੁਲ ਗਾਂਧੀ ਜਦ ਪਹਿਲਵਾਨਾਂ ਨੂੰ ਮਿਲਣ ਪਹੁੰਚੇ ਤਾਂ ਉਸ ਵੇਲੇ ਉਹਨਾਂ ਦੇ ਸਵਾਗਤ ਲਈ ਪਹਿਲਵਾਨਾਂ ਨੂੰ ਗੁਲਦਸਤਾ ਨਹੀਂ ਮਿਲਿਆ,ਤਾਂ ਪਹਿਲਵਾਨਾਂ ਨੇ ਜ਼ਿੰਦਾਦਿਲੀ ਦੀ ਮਿਸਾਲ ਦਿੰਦੇ ਹੋਏ ਖੇਤ ਵਿਚੋਂ ਲਿਆ ਕੇ ਇੱਕ ਮੂਲੀ ਹੀ ਰਾਹੁਲ ਗਾਂਧੀ ਅੱਗੇ ਪੇਸ਼ ਕਰ ਦਿੱਤੀ ਗਈ।ਜਿਸ ਨੂੰ ਦੇਖ ਕੇ ਰਾਹੁਲ ਗਾਂਧੀ ਬੇਹੱਦ ਖੁਸ਼ ਹੋਏ।
ਬਜਰੰਗ ਪੂਨੀਆ ਨੇ ਪੀਐੱਮ ਦੇ ਘਰ ਦੇ ਬਾਹਰ ਰੱਖਿਆ ਵਾਪਸ ਕੀਤਾ ਪਦਮਸ਼੍ਰੀ:ਸਾਕਸ਼ੀ ਮਲਿਕ ਦੇ ਸੰਨਿਆਸ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ 22 ਦਸੰਬਰ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਦਮ ਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਬਜਰੰਗ ਪੂਨੀਆ ਨੇ ਲਿਖਿਆ ਕਿ ਮੈਂ ਪ੍ਰਧਾਨ ਮੰਤਰੀ ਨੂੰ ਆਪਣਾ ਪਦਮ ਸ਼੍ਰੀ ਪੁਰਸਕਾਰ ਵਾਪਸ ਕਰ ਰਿਹਾ ਹਾਂ। ਇਹ ਸਿਰਫ ਕਹਿਣ ਲਈ ਮੇਰੀ ਚਿੱਠੀ ਹੈ।
ਵਿਨੇਸ਼ ਫੋਗਾਟ ਨੇ ਖੇਡ ਰਤਨ ਵਾਪਸ ਕਰਨ ਦਾ ਕੀਤਾ ਐਲਾਨ :ਸਾਕਸ਼ੀ ਮਲਿਕ ਏ ਅਵਾਰਡ ਵਾਪਿਸ ਕਰਨ ਦੇ ਅਕਾਨ ਤੋਂ ਬਾਅਦ ਮੰਗਲਵਾਰ ਨੂੰ ਵਿਨੇਸ਼ ਫੋਗਾਟ ਨੇ ਖੇਲ ਰਤਨ ਅਤੇ ਅਰਜੁਨ ਐਵਾਰਡ ਵਾਪਸ ਕਰਨ ਦਾ ਐਲਾਨ ਕਰ ਦਿੱਤਾ। ਵਿਨੇਸ਼ ਨੇ ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਦੋ ਪੰਨਿਆਂ ਦੀ ਚਿੱਠੀ ਪੋਸਟ ਕੀਤੀ ਹੈ। ਇਸ ਵਿੱਚ ਲਿਖਿਆ ਹੈ-ਸਾਡੇ ਮੈਡਲ ਅਤੇ ਅਵਾਰਡ ਦੀ ਕੀਮਤ 15 ਰੁਪਏ ਦੱਸੀ ਜਾ ਰਹੀ ਹੈ। ਹੁਣ ਮੈਂ ਵੀ ਆਪਣੇ ਪੁਰਸਕਾਰਾਂ ਤੋਂ ਘਿਰਣਾ ਮਹਿਸੂਸ ਕਰਨ ਲੱਗ ਪਿਆ ਹਾਂ। ਮੈਨੂੰ ਮੇਜਰ ਧਿਆਨ ਚੰਦ ਖੇਲ ਰਤਨ ਅਤੇ ਅਰਜੁਨ ਪੁਰਸਕਾਰ ਦਿੱਤਾ ਗਿਆ, ਜਿਸ ਦਾ ਹੁਣ ਮੇਰੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੈ।
ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ 'ਤੇ ਅੜੇ ਖਿਡਾਰੀ :ਪਹਿਲਵਾਨ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ 'ਤੇ ਅੜੇ ਹੋਏ ਹਨ। ਉਸ ਦਾ ਕਹਿਣਾ ਹੈ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜਦੋਂ ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਨੂੰ WFI ਦਾ ਨਵਾਂ ਪ੍ਰਧਾਨ ਚੁਣਿਆ ਗਿਆ ਤਾਂ ਪਹਿਲਵਾਨ ਸਾਕਸ਼ੀ ਮਲਿਕ ਨੇ ਵਿਰੋਧ ਵਿੱਚ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਪ੍ਰਧਾਨ ਮੰਤਰੀ ਨਿਵਾਸ ਦੇ ਸਾਹਮਣੇ ਆਪਣਾ ਪਦਮ ਸ਼੍ਰੀ ਪੁਰਸਕਾਰ ਛੱਡਿਆ।
ਇਹ ਸੀ ਪੂਰਾ ਮਾਮਲਾ :ਜ਼ਿਕਰਯੋਗ ਹੈ ਕਿ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਉੱਤੇ ਮਹਿਲਾ ਪਹਿਲਵਾਨਾਂ ਨੇ ਸਰੀਰਕ ਸੋਸ਼ਣ ਦੇ ਦੋਸ਼ ਲਾਏ ਸਨ। ਉਹਨਾਂ ਕਿਹਾ ਕਿ ਸਾਡੇ ਨਾਲ ਭਦਾ ਸਲੂਕ ਕੀਤਾ ਜਾਂਦਾ ਰਿਹਾ ਹੈ। ਇਸ ਦੌਰਾਨ ਕੁਝ ਖਿਡਾਰਨਾਂ ਸਾਹਮਣੇ ਆਈਆਂ ਸਨ ਜਿਸ ਅਧਾਰ 'ਤੇ ਕਈ ਮਹੀਨਿਆਂ ਤੱਕ ਪਹਿਲਵਾਨਾਂ ਨੇ ਸਰਕਾਰ ਖਿਲਾਫ ਰੋਸ ਮੁਜਾਹਰਾ ਕੀਤਾ। ਇਸ ਦੌਰਾਨ ਪਹਿਲਵਾਨਾਂ ਉੱਤੇ ਪੁਲਿਸ ਵੱਲੋਂ ਤਸ਼ੱਦਦ ਵੀ ਕੀਤੇ ਗਏ ਕਿ ਪਹਿਲਵਾਨ ਇਸ ਰੋਸ ਮੁਜਾਹਰੇ ਨੂੰ ਖਤਮ ਕਰ ਦੇਣ। ਪਰ ਇਹਨਾਂ ਖਿਡਾਰੀਆਂ ਵੱਲੋਂ ਆਪਣੇ ਦ੍ਰਿੜ੍ਹ ਇਰਾਦੇ ਨੂੰ ਕਾਇਮ ਰੱਖਦੇ ਹੋਏ ਸੰਘਰਸ਼ ਦਾ ਰਾਹ ਨਹੀਂ ਛੱਡਿਆ ਅਤੇ ਮੰਗ ਕੀਤੀ ਕਿ ਬ੍ਰਿਜ ਭੂਸ਼ਨ ਸ਼ਰਨ ਨੂੰ ਬਰਖਾਸਤ ਕੀਤਾ ਜਾਵੇ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਹਾਲਾਂਕਿ ਇਸ ਦੌਰਾਨ ਬ੍ਰਿਜ ਭੂਸ਼ਨ ਸ਼ਰਨ ਆਪਣੇ ਆਪ ਨੂੰ ਬੇਗੁਨਾਹ ਹੀ ਦਸਦਾ ਰਿਹਾ।