ਚੰਡੀਗੜ੍ਹ: ਭਾਰਤੀ ਹਾਕੀ ਟੀਮ ਨੇ ਏਸ਼ੀਆਈ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਮਲੇਸ਼ੀਆ ਕੋਲੋਂ 4-3 ਨਾਲ ਜਿੱਤ ਕੇ ਟਰਾਫੀ ’ਤੇ ਆਪਣਾ ਕਬਜ਼ਾ ਕਰ ਲਿਆ। ਇਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੇਸ਼ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ- ਮਾਣ ਹੈ ਕਿ ਟੀਮ ਵਿੱਚ ਚੰਗੀ ਖੇਡ ਦਿਖਾਉਣ ਵਾਲੇ ਜ਼ਿਆਦਾਤਰ ਖਿਡਾਰੀ ਪੰਜਾਬ ਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ- 'ਚੱਕ ਦੇ ਇੰਡੀਆ'।
ਮੁੱਖ ਮੰਤਰੀ ਨੇ ਦਿੱਤੀ ਵਧਾਈ: ਮੁੱਖ ਮੰਤਰੀ ਭਗਵੰਤ ਮਾਨ ਨੇ ਪੂਰੀ ਟੀਮ ਅਤੇ ਕੋਚ ਨੂੰ ਵਧਾਈ ਦਿੰਦਿਆਂ ਲਿਖਿਆ ਕਿ ਹਾਕੀ ਏਸ਼ੀਅਨ ਚੈਂਪੀਅਨਸ਼ਿਪ ‘ਚ ਭਾਰਤ ਦੁਆਰਾ ਮਲੇਸ਼ੀਆ ਨੂੰ 4-3 ਨਾਲ ਹਰਾਉਣ ਦੇ ਨਾਲ ਹੀ ਚੈਂਪੀਅਨ ਟਰਾਫ਼ੀ ਜਿੱਤਣ ‘ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ…ਮਾਣ ਵਾਲੀ ਗੱਲ ਹੈ ਕਿ ਟੀਮ ‘ਚ ਬਹੁ ਪੱਖੀ ਖਿਡਾਰੀ ਪੰਜਾਬ ਦੇ ਸਨ ਤੇ ਜਿੰਨ੍ਹਾਂ ਨੇ ਬਾਕਮਾਲ ਖੇਡ ਵਿਖਾਈ..ਪੂਰੀ ਟੀਮ ਤੇ ਕੋਚ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ…ਚੱਕਦੇ ਇੰਡੀਆ।
ਖੇਡ ਮੰਤਰੀ ਨੇ ਕੀਤੀ ਸ਼ਲਾਘਾ:ਇਸ ਦੇ ਨਾਲ ਹੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਭਾਰਤੀ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ਉੱਤੇ ਵਧਾਈ ਦਿੱਤੀ ਹੈ। ਮੰਤਰੀ ਮੀਤ ਹੇਅਰ ਨੇ ਕਿਹਾ ਕਿ ਭਾਰਤੀ ਹਾਕੀ ਟੀਮ ਨੂੰ ਰਿਕਾਰਡ ਚੌਥੀ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤਣ ਉੱਤੇ ਮੁਬਾਰਕਾਂ। ਚੇਨਈ ਵਿਖੇ ਖੇਡੇ ਫ਼ਾਈਨਲ ਵਿੱਚ ਭਾਰਤੀ ਟੀਮ ਨੇ 1-3 ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 4-3 ਨਾਲ ਮਲੇਸ਼ੀਆ ਨੂੰ ਹਰਾ ਕੇ ਖਿਤਾਬ ਜਿੱਤਿਆ। ਭਾਰਤ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ ਤੇ ਜੁਗਰਾਜ ਸਿੰਘ ਨੇ ਗੋਲ ਕੀਤੇ। ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਅਜੇਤੂ ਰਹੀ। ਇਹ ਸਮੁੱਚੀ ਟੀਮ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਜਿੱਤ ਹੈ ਅਤੇ ਸ਼ਾਲਾ ਇਹ ਜੇਤੂ ਰੱਥ ਇਸ ਸਾਲ ਏਸ਼ੀਅਨ ਗੇਮਜ਼ ਤੇ ਅਗਲੇ ਸਾਲ ਓਲੰਪਿਕਸ ਗੇਮਜ਼ ਤੱਕ ਜਾਰੀ ਰਹੇ।
ਇਨ੍ਹਾਂ ਖਿਡਾਰੀਆਂ ਨੇ ਕੀਤੇ ਗੋਲ:ਭਾਰਤੀ ਟੀਮ ਵੱਲੋਂ ਕਪਤਾਨ ਹਰਮਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਗੁਰਜੰਟ ਸਿੰਘ ਅਤੇ ਜੁਗਰਾਜ ਸਿੰਘ ਨੇ ਗੋਲ ਕੀਤੇ। ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਜੇਤੂ ਰਹੀ। ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਹ ਸਮੁੱਚੀ ਟੀਮ ਦੇ ਸਾਂਝੇ ਯਤਨਾਂ ਦੀ ਜਿੱਤ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਟੀਮ ਦੀ ਇਹ ਜਿੱਤ ਦਾ ਸਿਲਸਿਲਾ ਇਸ ਸਾਲ ਏਸ਼ੀਆਈ ਖੇਡਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਉਲੰਪਿਕ ਖੇਡਾਂ ਤੱਕ ਜਾਰੀ ਰਹੇਗਾ।
ਸਿਆਸੀ ਦਿੱਗਜਾਂ ਨੇ ਦਿੱਤੀ ਵਧਾਈ: ਇਸ ਦੇ ਨਾਲ ਹੀ ਪੰਜਾਬ ਕਾਂਗਰਸ, ਪੰਜਾਬ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਰਤੀ ਹਾਕੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਹੈ। ਸਾਰੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਪ੍ਰਧਾਨਾਂ ਨੇ ਟਵੀਟ ਕਰਕੇ ਟੀਮ ਇੰਡੀਆ ਨੂੰ ਦੇਸ਼ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ ਹੈ। ਜਿਸ 'ਚ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਭਾਰਤੀ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ।