ਹੈਦਰਾਬਾਦ: ਬੀਸੀਸੀਆਈ ਨੇ ਮਹਿਲਾ ਟੀ20 ਚੈਲੇਂਜ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਮਹਿਲਾ ਟੀ-20 ਚੈਲੇਂਜ 2022 ਸੀਜ਼ਨ ਲਈ, ਹਰਮਨਪ੍ਰੀਤ ਕੌਰ ਨੂੰ ਸੁਪਰਨੋਵਾਸ, ਸਮ੍ਰਿਤੀ ਮੰਧਾਨਾ ਨੂੰ ਟ੍ਰੇਲਬਲੇਜ਼ਰ ਅਤੇ ਦੀਪਤੀ ਸ਼ਰਮਾ ਨੂੰ ਵੇਲੋਸਿਟੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਦੱਸ ਦਈਏ ਕਿ ਅਖਿਲ ਭਾਰਤੀ ਮਹਿਲਾ ਚੋਣ ਕਮੇਟੀ ਨੇ ਇਨ੍ਹਾਂ ਤਿੰਨਾਂ ਟੀਮਾਂ ਲਈ ਖਿਡਾਰੀਆਂ ਦੀ ਚੋਣ ਕੀਤੀ ਹੈ। ਹਰ ਟੀਮ ਵਿੱਚ 16 ਖਿਡਾਰੀ ਚੁਣੇ ਗਏ ਹਨ। ਮਹਿਲਾ ਟੀ20 ਚੈਲੇਂਜ ਦਾ ਆਯੋਜਨ IPL 2022 ਮੈਚਾਂ ਦੇ ਆਖਰੀ ਪੜਾਅ ਦੌਰਾਨ ਕੀਤਾ ਜਾਣਾ ਹੈ। ਇਸ ਸੀਜ਼ਨ 'ਚ 23 ਤੋਂ 28 ਮਈ ਤੱਕ ਮਹਾਰਾਸ਼ਟਰ ਕ੍ਰਿਕਟ ਸਟੇਡੀਅਮ (MCA), ਪੁਣੇ 'ਚ ਮਹਿਲਾ ਟੀ-20 ਚੈਲੇਂਜ ਦਾ ਆਯੋਜਨ ਕੀਤਾ ਜਾਵੇਗਾ।
ਬੀਸੀਸੀਆਈ ਇਸ ਟੂਰਨਾਮੈਂਟ ਦੌਰਾਨ ਇਸ ਸੀਜ਼ਨ ਵਿੱਚ ਕੁੱਲ ਚਾਰ ਮੈਚਾਂ ਦਾ ਆਯੋਜਨ ਕਰਨ ਜਾ ਰਿਹਾ ਹੈ। ਬੀਸੀਸੀਆਈ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਦੱਖਣੀ ਅਫਰੀਕਾ, ਇੰਗਲੈਂਡ, ਵੈਸਟਇੰਡੀਜ਼ ਅਤੇ ਆਸਟਰੇਲੀਆ ਸਮੇਤ ਕੁੱਲ 12 ਵਿਦੇਸ਼ੀ ਖਿਡਾਰੀ ਮਹਿਲਾ ਟੀ-20 ਚੈਲੇਂਜ ਦਾ ਹਿੱਸਾ ਬਣਨਗੇ। ਮਹਿਲਾ ਟੀ20 ਚੈਲੇਂਜ 2022 ਦੀ ਸ਼ੁਰੂਆਤ 23 ਮਈ ਨੂੰ ਸੁਪਰਨੋਵਾਸ ਅਤੇ ਟ੍ਰੇਲਬਲੇਜ਼ਰਸ ਦੇ ਮੈਚ ਨਾਲ ਹੋਵੇਗੀ।
ਸੀਜ਼ਨ ਦੇ 3 ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7.30 ਵਜੇ ਸ਼ੁਰੂ ਹੋਣਗੇ, ਜਦਕਿ 24 ਮਈ ਨੂੰ ਸੁਪਰਨੋਵਾਸ ਅਤੇ ਵੇਲੋਸਿਟੀ ਵਿਚਾਲੇ ਮੈਚ ਬਾਅਦ ਦੁਪਹਿਰ 3.30 ਵਜੇ ਤੋਂ ਖੇਡਿਆ ਜਾਵੇਗਾ। ਤੀਜਾ ਮੈਚ ਵੇਲੋਸਿਟੀ ਅਤੇ ਟ੍ਰੇਲਬਲੇਜ਼ਰ ਵਿਚਾਲੇ 26 ਮਈ ਨੂੰ ਹੋਵੇਗਾ। ਫਾਈਨਲ 28 ਮਈ ਨੂੰ ਖੇਡਿਆ ਜਾਵੇਗਾ। ਬੀਸੀਸੀਆਈ ਨੇ ਭਾਰਤੀ ਕਪਤਾਨ ਮਿਤਾਲੀ ਰਾਜ ਅਤੇ ਅਨੁਭਵੀ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਇਸ ਟੂਰਨਾਮੈਂਟ ਤੋਂ ਆਰਾਮ ਦਿੱਤਾ ਹੈ।