ਨਵੀਂ ਦਿੱਲੀ : ਭਾਰਤੀ ਵੇਟਲਿਫਟਰ ਜੇਰੇਮੀ ਲਾਲਰਿਨੁੰਗਾ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ 67 ਕਿਲੋਗ੍ਰਾਮ ਵਰਗ 'ਚ ਚਾਂਦੀ ਦਾ ਤਗਮਾ ਜਿੱਤਿਆ, ਪਰ ਕਲੀਨ ਐਂਡ ਜਰਕ ਦੀਆਂ ਤਿੰਨੋਂ ਕੋਸ਼ਿਸ਼ਾਂ 'ਚ ਉਹ ਪੂਰੀ ਤਰ੍ਹਾਂ ਨਾਲ ਅਸਫਲ ਰਹੇ। ਰਾਸ਼ਟਰਮੰਡਲ ਖੇਡਾਂ 2022 ਤੋਂ ਬਾਅਦ ਆਪਣੇ ਪਹਿਲੇ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਜੇਰੇਮੀ 12 ਲਿਫਟਰਾਂ 'ਚੋਂ ਇਕਲੌਤਾ ਅਜਿਹਾ ਖਿਡਾਰੀ ਸੀ ਜੋ ਆਪਣਾ ਈਵੈਂਟ ਪੂਰਾ ਨਹੀਂ ਕਰ ਸਕਿਆ। ਹਾਲਾਂਕਿ ਉਸ ਦਾ ਇਹ ਭਾਰ ਵਰਗ ਓਲੰਪਿਕ ਦਾ ਹਿੱਸਾ ਨਹੀਂ ਹੈ।
ਦੋ ਵਾਰ ਹੀ ਸਫਲ ਰਿਹਾ :ਜੇਰੇਮੀ ਨੇ 141 ਕਿਲੋਗ੍ਰਾਮ ਭਾਰ ਚੁੱਕ ਕੇ ਸਨੈਚ ਵਿੱਚ ਆਪਣੇ ਨਿੱਜੀ ਸਰਵੋਤਮ ਪ੍ਰਦਰਸ਼ਨ ਦੀ ਬਰਾਬਰੀ ਕੀਤੀ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਉਹ ਕਲੀਨ ਐਂਡ ਜਰਕ ਵਿੱਚ ਆਪਣੇ ਪਹਿਲੇ ਦੋ ਯਤਨਾਂ ਵਿੱਚ 165 ਕਿਲੋ ਭਾਰ ਨਹੀਂ ਚੁੱਕ ਸਕਿਆ। ਮੌਜੂਦਾ ਯੂਥ ਓਲੰਪਿਕ ਚੈਂਪੀਅਨ 20 ਸਾਲਾ ਜੇਰੇਮੀ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ ਭਾਰ 168 ਕਿਲੋ ਤੱਕ ਵਧਾ ਦਿੱਤਾ ਪਰ ਇਸ ਨੂੰ ਚੁੱਕਣ ਵਿੱਚ ਵੀ ਨਾਕਾਮ ਰਿਹਾ। ਇਹ ਭਾਰ ਉਸ ਦੇ ਸਰਵੋਤਮ ਪ੍ਰਦਰਸ਼ਨ ਨਾਲੋਂ ਦੋ ਕਿਲੋ ਵੱਧ ਸੀ। ਜੇਰੇਮੀ ਕੁੱਲ ਛੇ ਸਨੈਚ ਅਤੇ ਕਲੀਨ ਐਂਡ ਜਰਕ ਕੋਸ਼ਿਸ਼ਾਂ ਵਿੱਚ ਸਿਰਫ਼ ਦੋ ਵਾਰ ਹੀ ਸਫਲ ਰਿਹਾ। ਪੱਟ ਦੀ ਸੱਟ ਕਾਰਨ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਤੋਂ ਖੁੰਝਣ ਵਾਲੇ ਮਿਜ਼ੋਰਮ ਦੇ ਖਿਡਾਰੀ ਨੇ ਸ਼ੁਰੂਆਤ 'ਚ ਜਲਦਬਾਜ਼ੀ ਦਿਖਾਈ।