ਚੇਨੱਈ:ਭਾਰਤ ਅਤੇ ਮਲੇਸ਼ੀਆ ਵਿਚਾਲੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਦੇ ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਦਿੱਤਾ ਹੈ। ਮਲੇਸ਼ੀਆ ਨੇ ਖੇਡ ਦੀ ਸ਼ੁਰੂਆਤ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਅੱਧੇ ਸਮੇਂ ਤੱਕ ਮਲੇਸ਼ੀਆ ਭਾਰਤ ਤੋਂ 3-1 ਨਾਲ ਅੱਗੇ ਸੀ।
ਤੀਜੇ ਕੁਆਰਟਰ ਦੇ ਆਖਰੀ ਮਿੰਟਾਂ ਵਿੱਚ ਭਾਰਤ ਨੇ 2 ਸ਼ਾਨਦਾਰ ਗੋਲ ਕਰਕੇ ਖੇਡ ਵਿੱਚ ਵਾਪਸੀ ਕਰਦਿਆਂ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਫਿਰ ਚੌਥੇ ਹਾਫ 'ਚ ਅਕਾਸ਼ਦੀਪ ਸਿੰਘ ਦੇ ਸ਼ਾਨਦਾਰ ਗੋਲ ਦੀ ਬਦੌਲਤ ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ 'ਤੇ ਕਬਜ਼ਾ ਕੀਤਾ। ਮੈਚ 'ਚ ਹਾਰ ਦੇ ਨਾਲ ਮਲੇਸ਼ੀਆ ਦਾ ਪਹਿਲੀ ਵਾਰ ਏਸ਼ੀਅਨ ਚੈਂਪੀਅਨਸ ਟਰਾਫੀ 2023 ਦਾ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ।
ਅੱਧੇ ਸਮੇਂ ਤੱਕ ਭਾਰਤ ਮਲੇਸ਼ੀਆ ਤੋਂ 1-3 ਪਿੱਛੇ:ਏਸ਼ੀਆਈ ਚੈਂਪੀਅਨਜ਼ ਟਰਾਫੀ 2023 ਦੇ ਫਾਈਨਲ ਦੇ ਪਹਿਲੇ ਅੱਧ ਤੱਕ ਭਾਰਤ ਮਲੇਸ਼ੀਆ ਤੋਂ 1-3 ਨਾਲ ਪਿੱਛੇ ਸੀ। ਭਾਰਤ ਲਈ ਇੱਕਮਾਤਰ ਗੋਲ ਜੁਗਰਾਜ ਸਿੰਘ ਨੇ 9ਵੇਂ ਮਿੰਟ ਵਿੱਚ ਕੀਤਾ। ਇਸ ਦੇ ਨਾਲ ਹੀ ਮਲੇਸ਼ੀਆ ਲਈ ਅਜ਼ਰਾਈ ਅਬੂ ਕਮਾਲ ਨੇ 14ਵੇਂ ਮਿੰਟ, ਰਹੀਮ ਰਾਜ਼ੀ ਨੇ 18ਵੇਂ ਮਿੰਟ ਅਤੇ ਮੁਹੰਮਦ ਅਮੀਨੁਦੀਨ ਨੇ 28ਵੇਂ ਮਿੰਟ ਵਿੱਚ ਗੋਲ ਕੀਤੇ। ਮਲੇਸ਼ੀਆ ਨੇ ਹਾਫ ਟਾਈਮ ਤੱਕ ਕਾਫੀ ਹਮਲਾਵਰ ਖੇਡ ਦਿਖਾਈ ਅਤੇ ਉਹ ਪੂਰੀ ਤਰ੍ਹਾਂ ਭਾਰਤੀ ਟੀਮ 'ਤੇ ਹਾਵੀ ਨਜ਼ਰ ਆਈ।