ਕੋਲਕਾਤਾ :ਏਸ਼ੀਆਈ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਭਾਰਤੀ ਫੁੱਟਬਾਲਰ ਅਤੇ ਓਲੰਪਿਅਨ ਤੁਲਸੀਦਾਸ ਬਲਰਾਮ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਂਤ ਹੋ ਗਈ। ਉਹ ਉੱਤਰਪਾੜਾ (ਕੋਲਕਾਤਾ) ਵਿੱਚ ਹੁਗਲੀ ਨਦੀ ਦੇ ਕੋਲ ਇੱਕ ਘਰ ਵਿੱਚ ਰਹਿ ਰਹੇ ਸੀ। ਗੁਰਦੇ ਦੀ ਬਿਮਾਰੀ ਤੋਂ ਪੀੜਤ ਤੁਲਸੀਦਾਸ ਬਲਰਾਮ ਨੂੰ 26 ਦਸੰਬਰ ਨੂੰ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 1956 ਮੈਲਬੌਰਨ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਭਾਰਤੀ ਟੀਮ ਦਾ ਆਖਰੀ ਜੀਵਿਤ ਮੈਂਬਰ ਸੀ।
ਸਿਕੰਦਰਾਬਾਦ, ਹੈਦਰਾਬਾਦ ਵਿੱਚ ਜਨਮੇ, ਸਟਾਰ ਫੁੱਟਬਾਲਰ ਤੁਲਸੀਦਾਸ ਬਲਰਾਮ ਪੱਛਮੀ ਬੰਗਾਲ ਲਈ ਤਿੰਨ ਵਾਰ ਸੰਤੋਸ਼ ਟਰਾਫੀ ਜੇਤੂ ਟੀਮ ਦੇ ਮੈਂਬਰ ਰਹੇ ਹਨ। 1958-59 ਵਿੱਚ ਬੰਗਾਲ ਲਈ ਸੰਤੋਸ਼ ਟਰਾਫੀ ਜਿੱਤਣ ਤੋਂ ਪਹਿਲਾਂ, ਉਨ੍ਹਾਂ ਨੇ ਹੈਦਰਾਬਾਦ ਲਈ ਸੰਤੋਸ਼ ਟਰਾਫੀ ਜਿੱਤੀ। ਜਿਸਨੂੰ ਇੱਕ ਦੁਰਲੱਭ ਕਾਰਨਾਮਾ ਮੰਨਿਆ ਜਾਂਦਾ ਹੈ। 1956 ਤੋਂ ਬਾਅਦ, ਉਹ 1960 ਰੋਮ ਓਲੰਪਿਕ ਵਿੱਚ ਭਾਰਤੀ ਟੀਮ ਦੇ ਮੈਂਬਰਾਂ ਵਿੱਚੋਂ ਇੱਕ ਸੀ। ਪਰ ਰਾਸ਼ਟਰੀ ਟੀਮ ਦੀ ਜਰਸੀ ਵਿੱਚ ਤੁਲਸੀਦਾਸ ਬਲਰਾਮ ਦੀ ਸਭ ਤੋਂ ਵੱਡੀ ਸਫਲਤਾ 1962 ਜਕਾਰਤਾ ਏਸ਼ੀਅਨ ਖੇਡਾਂ ਵਿੱਚ ਸੋਨ ਤਗਮਾ ਜਿੱਤਣਾ ਸੀ। ਉਸ ਸਾਲ ਬਲਰਾਮ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।