ਨਵੀਂ ਦਿੱਲੀ: ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਅਤੇ ਪ੍ਰੀਤੀ ਨੇ ਜੌਰਡਨ ਦੇ ਅੱਮਾਨ 'ਚ ਚੱਲ ਰਹੀ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਆਪਣੇ ਡੈਬਿਊ 'ਤੇ ਸੈਮੀਫਾਈਨਲ 'ਚ ਪਹੁੰਚ ਕੇ ਆਪਣੇ ਤਗਮੇ ਪੱਕੇ ਕਰ ਲਏ ਹਨ। ਮੀਨਾਕਸ਼ੀ (52 ਕਿਲੋ) ਨੇ ਕੁਆਰਟਰ ਫਾਈਨਲ ਵਿੱਚ ਚਾਰ ਵਾਰ ਦੇ ਦੱਖਣ-ਪੂਰਬੀ ਏਸ਼ੀਆਈ ਖੇਡਾਂ ਦੀ ਤਗ਼ਮਾ ਜੇਤੂ ਫਿਲੀਪੀਨਜ਼ ਦੀ ਆਇਰਿਸ਼ ਮੈਗਨੋ ਨੂੰ 4-1 ਨਾਲ ਹਰਾਇਆ ਜਦੋਂਕਿ ਪ੍ਰੀਤੀ (57 ਕਿਲੋ) ਨੇ ਉਜ਼ਬੇਕਿਸਤਾਨ ਦੀ ਤੁਰਦੀਬੇਕੋਵਾ ਸਿਟੋਰਾ ਨੂੰ 5-0 ਨਾਲ ਹਰਾਇਆ।
ਮੀਨਾਕਸ਼ੀ ਦਾ ਸਾਹਮਣਾ 9 ਨਵੰਬਰ ਨੂੰ ਸੈਮੀਫਾਈਨਲ 'ਚ ਮੰਗੋਲੀਆ ਦੀ ਲੁਤਸਾਈਖਾਨ ਅਲਤਾਨਸੇਤਸੇਗ ਨਾਲ ਹੋਵੇਗਾ ਜਦਕਿ ਪ੍ਰੀਤੀ ਦਾ ਸਾਹਮਣਾ ਜਾਪਾਨ ਦੀ ਅਯਰੀ ਸੈਨਾ ਨਾਲ ਹੋਵੇਗਾ। ਹੋਰ ਕੁਆਰਟਰ ਫਾਈਨਲ ਵਿੱਚ ਸਾਕਸ਼ੀ (54 ਕਿਲੋ) ਨੂੰ ਟੋਕੀਓ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਚੀਨੀ ਤਾਈਪੇ ਦੀ ਜ਼ਿਆਓ ਵੇਨ ਹੁਆਂਗ ਤੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁੱਕਰਵਾਰ ਰਾਤ ਅਨੰਤ ਚੋਪੜੇ (54 ਕਿਲੋ) ਨੇ ਜਾਪਾਨ ਦੇ ਤਨਾਕਾ ਸ਼ੋਗੋ ਨੂੰ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ, ਜਦਕਿ ਇਤਾਸ਼ ਖਾਨ (60 ਕਿਲੋ) ਥਾਈਲੈਂਡ ਦੇ ਖੁਨਾਤਿਪ ਪਿਡਨੁਚ ਤੋਂ 2-3 ਨਾਲ ਹਾਰ ਗਏ।