ਨਵੀਂ ਦਿੱਲੀ: ਭਾਰਤ ਦੇ ਪੁਰਸ਼ ਮੁੱਕੇਬਾਜ਼ ਅਮਿਤ ਪੰਘਾਲ ਨੇ ਸ਼ੁੱਕਰਵਾਰ ਨੂੰ ਖੇਡ ਮੰਤਰੀ ਕਿਰਨ ਰਿਜਿਜੂ ਨੂੰ ਚਿੱਠੀ ਲਿਖ ਕੇ ਅਪੀਲ ਕਰਦੇ ਹੋਏ ਕਿਹਾ ਕਿ ਉਹ ਖੇਡ ਪੁਰਸਕਾਰਾਂ ਵਿੱਚੋਂ ਨਾਂਮੰਕਣ ਪ੍ਰਕਿਰਿਆ ਨੂੰ ਹਟਾ ਦੇਣ।
ਪੰਘਾਲ ਨੇ ਕਿਹਾ ਕਿ ਮੌਜੂਦਾ ਪ੍ਰਕਿਰਿਆ ਵਿੱਚ ਪਾਰਦਰਸ਼ਿਤਾ ਨਹੀਂ ਹੈ ਅਤੇ ਕੁੱਝ ਕਾਰਨਾਂ ਕਰਕੇ ਸਹੀ ਖਿਡਾਰੀਆਂ ਨੂੰ ਅਵਾਰਡ ਨਹੀਂ ਮਿਲਦਾ।
ਅਮਿਤ ਪੰਘਾਲ ਚਾਂਦੀ ਤਮਗ਼ੇ ਨਾਲ। ਪੰਘਾਲ ਨੇ ਰਿਜਿਜੂ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਮੌਜੂਦਾ ਪ੍ਰਕਿਰਿਆ ਵਿੱਚ ਖਿਡਾਰੀਆਂ ਨੂੰ ਅਰਜ਼ੀ ਦੇਣੀ ਪੈਂਦੀ ਹੈ ਅਤੇ ਫ਼ਿਰ ਖੇਡ ਕਮੇਟੀ ਉਨ੍ਹਾਂ ਵਿੱਚੋਂ ਚੁਣਦੀ ਹੈ। ਇਹ ਪ੍ਰਕਿਰਿਆ ਕਾਫ਼ੀ ਮੁਸ਼ਕਿਲ ਹੈ ਕਿਉਂਕਿ ਕਈ ਵਾਰ ਅਪੀਲ ਦਾਇਰ ਕਰਨ ਦੇ ਨਿਯਮਾਂ ਦੇ ਕਾਰਨ ਕਈ ਖਿਡਾਰੀ ਖੇਡ ਪੁਰਸਕਾਰ ਤੋਂ ਰਹਿ ਜਾਂਦੇ ਹਨ। ਅਵਾਰਡ ਚੋਣ ਕਮੇਟੀ ਦੇ ਮੈਂਬਰਾਂ ਦੇ ਪੱਖਪਾਤੀ ਫ਼ੈਸਲਿਆਂ ਦੇ ਬਲਬੁਤੇ ਹੁੰਦਾ ਹੈ ਜੋ ਆਪਣੇ ਫ਼ੈਸਲਿਆਂ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਹਨ।
ਪੰਘਾਲ ਨੇ ਕਿਹਾ ਕਿ ਪਾਰਦਰਸ਼ਿਤਾ ਦੀ ਘਾਟ ਕਾਰਨ ਕਈ ਖਿਡਾਰੀ ਅਵਾਰਡ ਦੇ ਲਈ ਅਦਾਲਤ ਤੱਕ ਪਹੁੰਚ ਜਾਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਬਾਕੀ ਖਿਡਾਰੀਆਂ ਦੀ ਵੀ ਅਪੀਲ ਹੈ ਕਿ ਇਸ ਪ੍ਰਕਿਰਿਆ ਨੂੰ ਸਰਲ ਅਤੇ ਪਾਰਦਰਸ਼ੀ ਬਣਾਇਆ ਜਾਵੇ ਕਿਉਂਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਵਿੱਚ ਸਾਰੇ ਜਾਣਦੇ ਹਨ ਅਤੇ ਇਸ ਲਈ ਉਨ੍ਹਾਂ ਨੂੰ ਅਵਾਰਡ ਮਿਲਣੇ ਚਾਹੀਦੇ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਤਮਗ਼ਾ ਜਿੱਤੇ ਕੇ ਇਤਿਹਾਸ ਰਚਣ ਵਾਲੇ ਇਸ ਮੁੱਕੇਬਾਜ਼ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਕਈ ਥਾਂ ਅਵਾਰਡ ਬਿਨਾਂ ਕਿਸੇ ਨਾਮੰਕਣ ਅਤੇ ਅਪੀਲ ਦੇ ਦਿੱਤੇ ਜਾਂਦੇ ਹਨ, ਕਿਉਂਕਿ ਸਹੀ ਮਾਇਨੇ ਵਿੱਚ ਅਵਾਰਡ ਖਿਡਾਰੀਆਂ ਦੀਆਂ ਉਪਲਭਦੀਆਂ ਦਾ ਸਨਮਾਨ ਹੁੰਦਾ ਹੈ, ਜਿਸ ਦੇ ਲਈ ਖਿਡਾਰੀ ਨੂੰ ਕਹਿਣਾ ਨਹੀਂ ਚਾਹੀਦਾ।
ਅਮਿਤ ਨੇ ਕਿਹਾ ਕਿ ਇਹ ਬ੍ਰਿਟਿਸ਼ ਕਾਲ ਦੇ ਪੁਰਾਣੇ ਸਮੇਂ ਦੀ ਯਾਦ ਦਵਾਉਂਦਾ ਹੈ, ਜਿਥੇ ਅਵਾਰਡ ਦੇ ਲਈ ਪਟੀਸ਼ਨ ਪਾਉਣੀ ਪੈਂਦੀ ਸੀ। ਤੁਸੀਂ ਇਸ ਪ੍ਰਕਿਰਿਆ ਨੂੰ ਨਾਂਮੰਕਣ/ਅਪੀਲ ਮੁਕਤ ਕਰ ਕੇ ਮਜ਼ਬੂਤ ਬਦਲਾਅ ਕਰ ਸਕਦੇ ਹੋ। ਅਗਲੇ ਸਾਲ ਓਲੰਪਿਕ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਹਾਡਾ ਇਹ ਕਦਮ ਮੀਲ ਦਾ ਪੱਥਰ ਸਾਬਿਤ ਹੋਵੇਗਾ ਕਿਉਂਕਿ ਓਲੰਪਿਕ ਵਿੱਚ ਹਰ ਕੋਈ ਤਮਗ਼ਾ ਜਿੱਤਣਾ ਚਾਹੁੰਦਾ ਹੈ।
ਦੱਸ ਦਈਏ ਕਿ ਖੇਡ ਮੰਤਰਾਲੇ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਰਾਜੀਵ ਗਾਂਧੀ ਖੇਡ ਰਤਨ ਅਵਾਰਡ ਅਤੇ ਅਰਜੁਨ ਅਵਾਰਡ 2020 ਸਮੇਤ ਵੱਖ-ਵੱਖ ਖੇਡ ਪੁਰਸਕਾਰਾਂ ਦੇ ਲਈ ਖਿਡਾਰੀਆਂ ਅਰਜੀਆਂ ਮੰਗੀਆਂ ਸਨ।