ਚੰਡੀਗੜ੍ਹ: ਟੋਕੀਓ ਓਲੰਪਿਕ 2020 ਚ ਭਾਰਤ ਦੀ ਮਹਿਲਾ ਟੀਮ ਹਾਕੀ ਟੀਮ ਨੇ ਟੋਕੀਓ ਓਲੰਪਿਕ ਚ ਇਤਿਹਾਸ ਰਚ ਦਿੱਤਾ ਹੈ। ਉਹ ਆਸਟ੍ਰੇਲਿਆ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਚ ਪਹੁੰਚ ਗਈ ਹੈ।
ਦੱਸ ਦਈਏ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਜਦੋ ਮਹਿਲਾ ਹਾਕੀ ਟੀਮ ਟੀਮ ਇੰਡੀਆ ਓਲੰਪਿਕ ਦੇ ਸੈਮੀਫਾਈਨਲ ਚ ਪਹੁੰਚੀ ਹੋਵੇ।
ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਹਾਕੀ ਟੀਮ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਤਿੰਨ ਵਾਰ ਓਲੰਪਿਕ ਚੈਂਪੀਅਨ ਆਸਟ੍ਰੇਲੀਆ ਨੂੰ ਹਰਾ ਕੇ ਓਲੰਪਿਕ ਸੈਮੀਫਾਈਨਲ ਚ ਥਾਂ ਬਣਾਉਣ ’ਤੇ ਮਹਿਲਾ ਹਾਕੀ ਟੀਮ ’ਤੇ ਮਾਣ ਹੈ। ਅੰਮ੍ਰਿਤਸਰ ਦੀ ਗੁਰਜੀਤ ਕੌਰ ਨੂੰ ਵਧਾਈਆਂ ਜਿਸਨੇ ਮੈਚ ਦਾ ਇਕਲੌਤਾ ਗੋਲ ਕੀਤਾ। ਅਸੀਂ ਇਤਿਹਾਸ ਦੀ ਦਹਿਲੀਜ਼ ’ਤੇ ਹਾਂ। ਸ਼ੁਭਕਾਮਨਾਵਾਂ ਕੁੜੀਓ, ਜਿੱਤ ਕੇ ਆਓ।
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਟਵੀਟ ਕਰਦਿਆਂ ਕਿਹਾ ਇੱਕ ਸ਼ਾਨਦਾਰ ਜਿੱਤ। ਸਾਡੀਆਂ ਕੁੜੀਆਂ ਪ੍ਰੇਰਣਾਦਾਇਕ ਹਨ। ਟੀਮ ਇੰਡੀਆਂ ਨੇ ਤਿੰਨ ਵਾਰ ਓਲੰਪਿਕ ਸੋਨ ਤਮਗਾ ਜੇਤੂ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ। ਸੈਮੀਫਾਈਨਲ ਚ ਪਹੁੰਚ ਕੇ ਇਤਿਹਾਸ ਰਚਿਆ ਅਤੇ ਸਾਡੇ ਦਿਲ ਵੀ ਜਿੱਤੇ।
ਲੋਕਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰ ਕਿਹਾ ਕਿ ਕੁੜੀਓ ਤੁਸੀਂ ਇਤਿਹਾਸ ਰਚ ਦਿੱਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆਈ ਟੀਮ ਨੂੰ ਹਰਾ ਕੇ ਸੈਮੀਫਾਇਨਲ ਚ ਕੁਆਲੀਫਾਈ ਕੀਤਾ, ਇਹ ਦੇਖ ਕੇ ਖੁਸ਼ੀ ਹੋਈ। ਪੰਜਾਬ ਦੀ ਧੀ ਗੁਰਜੀਤ ਕੌਰ ਦੇ ਵਧੀਆ ਪ੍ਰਦਰਸ਼ਨ ’ਤੇ ਮਾਣ ਹੈ।
ਕੇਂਦਰੀ ਮੰਤਰੀ ਅਨੁਰਾਗ ਨੇ ਟਵੀਟ ਜਰੀਏ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ ਨਾਲ ਹੀ ਕਿਹਾ ਹੈ ਕਿ ਅਸੀਂ ਪਹਿਲੀ ਵਾਰ ਆਸਟ੍ਰੇਲਿਆ ਨੂੰ ਹਰਾ ਕੇ ਓਲੰਪਿਕ ਦੇ ਸੈਮੀਫਾਈਨਲ ਚ ਪਹੁੰਚੇ ਹਾਂ। ਮਹਿਲਾ ਹਾਕੀ ਟੀਮ ਨੇ ਟੋਕੀਓ 2020 ਚ ਇਤਿਹਾਸ ਲਿਖ ਦਿੱਤਾ ਹੈ।