ਬੈਂਗਲੁਰੂ: ਭਾਰਤੀ ਪੁਰਸ਼ ਹਾਕੀ ਟੀਮ ਦੇ ਡਿਫ਼ੈਂਡਰ ਜਰਮਨਪ੍ਰੀਤ ਸਿੰਘ ਕੋਰੋਨਾ ਵਾਇਰਸ ਕਾਰਨ ਜਾਰੀ ਲੌਕਡਾਊਨ ਦੇ ਵਿਚਕਾਰ ਪਿਛਲੇ ਮੈਚਾਂ ਦੀ ਵੀਡਿਓ ਦੇਖ ਰਹੇ ਹਨ ਤਾਂਕਿ ਉਨ੍ਹਾਂ ਨੂੰ ਪਤਾ ਚੱਲ ਸਕੇ ਕਿ ਉਨ੍ਹਾਂ ਨੇ ਆਪਣੇ ਖੇਡ ਦੇ ਕਿਹੜੇ ਹਿੱਸਿਆਂ ਵਿੱਚ ਸੁਧਾਰ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹਾਕੀ ਦੇ ਮੈਦਾਨ ਉੱਤੇ ਸਫ਼ਲਤਾ ਹਾਸਲ ਕਰਨ ਦੇ ਲਈ ਉਹ ਹੋਰ ਜ਼ਿਆਦਾ ਜਜ਼ਬੇ ਦੇ ਨਾਲ ਉਤਰਣਗੇ।
ਆਪਣੇ ਖੇਡ ਦੇ ਕਿਹੜੇ ਵਿਭਾਗਾਂ 'ਤੇ ਕੰਮ ਕਰਨ ਦੀ ਲੋੜ ਹੈ
24 ਸਾਲਾ ਜਰਮਨਪ੍ਰੀਤ ਨੇ ਕਿਹਾ ਕਿ ਮੈਂ 2 ਸਾਲ ਤੋਂ ਅੰਤਰ-ਰਾਸ਼ਟਰੀ ਪੱਧਰ ਉੱਤੇ ਖੇਡ ਰਿਹਾ ਹਾਂ ਅਤੇ ਮੈਂ ਖ਼ੁਦ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਮੈਨੂੰ ਹਰਮਨਪ੍ਰੀਤ ਸਿੰਘ ਅਤੇ ਬਿਰੇਂਦਰ ਲਾਕੜਾ ਵਰਗੇ ਸੀਨੀਅਰ ਖਿਡਾਰੀਆਂ ਦੇ ਨਾਲ ਖੇਡਣ ਦਾ ਮੌਕਾ ਮਿਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਮੈਂ ਕਾਫ਼ੀ ਬਰੀਕੀ ਨਾਲ ਆਪਣੇ ਪੁਰਾਣੇ ਮੈਚਾਂ ਦੀ ਵੀਡੀਓ ਦੇਖ ਰਿਹਾ ਹਾਂ ਅਤੇ ਮੈਨੂੰ ਪਤਾ ਚੱਲ ਚੁੱਕਾ ਹੈ ਕਿ ਮੈਂ ਆਪਣੇ ਖੇਡ ਦੇ ਕਿਹੜੇ ਹਿੱਸਿਆਂ ਉੱਤੇ ਕੰਮ ਕਰਨਾ ਹੈ। ਮੈਨੂੰ ਵਿਸ਼ਵਾਸ ਹੈ ਕਿ ਜਦ ਮੈਂ ਪੂਰੀ ਟ੍ਰੇਨਿੰਗ ਉੱਤੇ ਵਾਪਸ ਆਵਾਂਗਾ ਤਾਂ ਹੋਰ ਜ਼ਿਆਦਾ ਬਿਹਤਰ ਖਿਡਾਰੀ ਬਣਨ ਦੇ ਲਈ ਜ਼ਿਆਦਾ ਵਚਨਬੱਧ ਰਹਾਂਗਾ।
ਮੈਨੂੰ ਖੁੱਲ੍ਹ ਕੇ ਖੇਡਣ ਨੂੰ ਕਿਹਾ ਹੈ
ਡਿਫ਼ੈਂਡਰ ਨੇ ਕਿਹਾ ਕਿ ਮੈਨੂੰ ਮੁੱਖ ਕੋਸ ਗ੍ਰਾਹਮ ਰੀਡ ਅਤੇ ਸੀਨੀਅਰ ਖਿਡਾਰੀਆਂ ਨੇ ਟੀਮ ਵਿੱਚ ਸ਼ਾਮਲ ਨੌਜਵਾਨਾਂ ਨੂੰ ਮੈਦਾਨ ਉੱਤੇ ਖੁੱਲ੍ਹ ਕੇ ਖੇਡਣ ਦੀ ਆਗਿਆ ਦਿੱਤੀ ਹੈ।
ਜਰਮਨਪ੍ਰੀਤ ਨੇ ਕਿਹਾ ਕਿ ਟੀਮ ਵਿੱਚ ਸ਼ਾਮਲ ਨੌਜਵਾਨ ਖਿਡਾਰੀਆਂ ਵਿੱਚੋਂ ਇੱਕ ਹੋਣ ਕਾਰਨ ਸਾਡੇ ਮੁੱਖ ਕੋਚ ਅਤੇ ਸੀਨੀਅਰ ਖਿਡਾਰੀਆਂ ਨੇ ਮੈਨੂੰ ਖੁੱਲ੍ਹ ਕੇ ਖੇਡਣ ਨੂੰ ਕਿਹਾ ਹੈ। ਮੈਂ ਬੇਹੱਦ ਕਿਸਮਤ ਵਾਲਾ ਹਾਂ ਕਿ ਸੀਨੀਅਰ ਖਿਡਾਰੀਆਂ ਦੇ ਸ਼ਾਨਦਾਰ ਸਮੂਹ ਦੇ ਨਾਲ ਖੇਡ ਰਿਹਾ ਹਾਂ ਜੋ ਜ਼ਿਆਦਾ ਦਬਾਅ ਆਪਣੇ ਉੱਪਰ ਲੈਂਦੇ ਹਨ, ਜਿਸ ਨਾਲ ਕਿ ਨੌਜਵਾਨ ਖਿਡਾਰੀ ਖੁੱਲ੍ਹ ਕੇ ਖੇਡ ਸਕਣ।