ਨਵੀਂ ਦਿੱਲੀ: ਭਾਰਤੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਦਾ ਮੰਨਣਾ ਹੈ ਕਿ ਟੀਮ ਨੇ ਆਪਣੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਅਗਲੇ ਸਾਲ ਦੇ ਟੋਕਿਓ ਓਲੰਪਿਕ ਖੇਡਾਂ ਵਿੱਚ ਉਨ੍ਹਾਂ ਦੇ ਕੋਲ ਇਤਿਹਾਸ ਬਣਾਉਣ ਦਾ ਮੌਕਾ ਹੋਵੇਗਾ। ਕੋਰੋਨਾ ਵਾਇਰਸ ਦੇ ਕਾਰਨ ਇਸ ਸਾਲ ਹੋਣ ਵਾਲੀਆਂ ਟੋਕਿਓ ਓਲੰਪਿਕ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਨੂੰ ਅਗਲੇ ਸਾਲ ਕਰਵਾਇਆ ਜਾਵੇਗਾ।
ਹਾਕੀ ਇੰਡੀਆ ਨੇ ਸਵਿਤਾ ਦੇ ਹਵਾਲੇ ਨਾਲ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਟੋਕਿਓ ਓਲੰਪਿਕ ਵਿੱਚ ਇਤਿਹਾਸ ਬਣਾਉਣ ਦਾ ਸ਼ਾਨਦਾਰ ਮੌਕਾ ਹੈ। ਟੀਮ ਵਿੱਚ ਅਨੁਭਵੀ ਅਤੇ ਨੌਜਵਾਨ ਖਿਡਾਰੀਆਂ ਦਾ ਸ਼ਾਨਦਾਰ ਮਿਸ਼ਰਣ ਹੈ। ਅਸੀਂ ਹਾਲ ਦੇ ਦਿਨਾਂ ਵਿੱਚ ਚੋਟੀ ਦੀਆਂ ਟੀਮਾਂ ਵਿਰੁੱਧ ਮੁਕਾਬਲੇ ਖੇਡੇ ਹਨ ਅਤੇ ਅਸੀਂ ਆਪਣੀ ਸਮਰੱਥਾਵਾਂ ਉੱਤੇ ਦ੍ਰਿੜ ਭਰੋਸਾ ਰੱਖਦੇ ਹਾਂ। ਜੇ ਅਸੀਂ ਆਪਣੀ ਸਮਰੱਥਾ ਨਾਲ ਖੇਡਦੇ ਹਾਂ ਤਾਂ ਨਿਸ਼ਚਿਤ ਰੂਪ ਨਾਲ ਅਗਲੇ ਸਾਲ ਓਲੰਪਿਕ ਵਿੱਚ ਭਾਰਤ ਦੇ ਲਈ ਤਮਗ਼ੇ ਜਿੱਤਾਂਗੇ।
ਭਾਰਤੀ ਟੀਮ ਨੇ ਓਲੰਪਿਕ ਦੇ ਇਤਿਹਾਸ ਵਿੱਚ ਹੁਣ ਤੱਕ ਇੱਕ ਵੀ ਤਮਗ਼ਾ ਨਹੀਂ ਜਿੱਤਿਆ ਹੈ। ਟੀਮ ਨੇ 1980 ਮਾਸਕੋ ਓਲੰਪਿਕ ਵਿੱਚ ਚੌਥਾ ਸਥਾਨ ਹਾਸਲ ਕੀਤਾ ਸੀ, ਜਦਕਿ 2016 ਰਿਓ ਓਲੰਪਿਕ ਵਿੱਚ ਉਹ 12ਵੇਂ ਸਥਾਨ ਉੱਤੇ ਰਹੀ ਸੀ।