ਨਵੀਂ ਦਿੱਲੀ: ਭਾਰਤੀ ਉਲੰਪਿਕ ਸੰਘ (ਆਈਓਏ) ਦੇ ਪ੍ਰਧਾਨ ਨਰੇਂਦਰ ਧਰੁਵ ਬੱਤਰਾ ਨੂੰ ਐਤਵਾਰ ਕੈਪੀਟਲ ਫ਼ਾਊਂਡੇਸ਼ਨ ਕੌਮੀ ਐਵਾਰਡ-2020 ਨਾਲ ਸਨਮਾਨਿਤ ਕੀਤਾ ਗਿਆ। ਬੱਤਰਾ ਨੂੰ ਚਾਰ ਦਹਾਕਿਆਂ ਤੱਕ ਖੇਡ ਵਿੱਚ ਆਪਣਾ ਯੋਗਦਾਨ ਦੇਣ ਲਈ ਇਹ ਸਨਮਾਨ ਦਿੱਤਾ ਗਿਆ।
ਬੱਤਰਾ ਨੂੰ ਵਧਾਈ ਦਿੰਦਿਆਂ ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰ ਨਿੰਗੋਬਾਮ ਨੇ ਲਿਖਿਆ, ''ਭਾਰਤ ਵਿੱਚ ਖੇਡ ਪ੍ਰਸ਼ਾਸਨ ਵਿੱਚ ਪੇਸ਼ੇਵਰ ਰਵੱਈਆ ਲਿਆਉਣ ਵਿੱਚ ਉਨ੍ਹਾਂ ਦਾ ਜਿਹੜਾ ਰੋਲ ਰਿਹਾ ਅਤੇ ਸਾਰੀਆਂ ਖੇਡਾਂ ਨੂੰ ਅੱਗੇ ਲੈ ਕੇ ਜਾਣ ਵਿੱਚ ਉਨ੍ਹਾਂ ਦੀ ਜਿਹੜੀ ਭੂਮਿਕਾ ਰਹੀ ਹੈ, ਉਸ ਨੂੰ ਵੇਖਦੇ ਹੋਏ ਉਹ ਇਸ ਸਨਮਾਨ ਦੇ ਹੱਕਦਾਰ ਹਨ।''
ਉਨ੍ਹਾਂ ਕਿਹਾ, ''ਉਨ੍ਹਾਂ ਦੇ ਹਾਕੀ ਇੰਡੀਆ (ਐਚਆਈ) ਪ੍ਰਧਾਨ ਰਹਿੰਦਿਆਂ ਵੀ ਐਚਆਈ ਨੂੰ ਕਾਫ਼ੀ ਲਾਭ ਪੁੱਜਿਆ। ਉਨ੍ਹਾਂ ਨੇ ਖੇਡ ਨੂੰ ਨਵੀਂ ਉਚਾਈ ਦੇਣ ਲਈ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਦਿੱਤਾ ਹੈ ਅਤੇ ਉਨ੍ਹਾਂ ਦੇ ਕੰਮਾਂ ਨਾਲ ਖੇਡ ਦੀ ਸੂਰਤ ਵੀ ਬਦਲੀ।''
ਆਪਣੇ ਸਮੇਂ ਵਿੱਚ ਬੱਤਰਾ ਹਾਕੀ ਖਿਡਾਰੀ ਵੀ ਰਹਿ ਚੁੱਕੇ ਹਨ, ਪਰ ਖੇਡ ਵਿੱਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਉਦੋਂ ਸਾਹਮਣੇ ਆਇਆ, ਜਦੋਂ ਉਹ ਖੇਡ ਪ੍ਰਸ਼ਾਸਨ ਨਾਲ ਜੁੜੇ ਅਤੇ 1997 ਵਿੱਚ ਜੰਮੂ ਅਤੇ ਕਸ਼ਮੀਰ ਹਾਕੀ ਸੰਘ ਦੇ ਪ੍ਰਧਾਨ ਬਣੇ। ਉਹ 2011 ਤੱਕ ਇਸ ਅਹੁਦੇ 'ਤੇ ਰਹੇ। 2005 ਤੋਂ 2013 ਤੱਕ ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਦੇ ਖਜ਼ਾਨਚੀ ਵੀ ਰਹੇ। ਹਾਕੀ ਇੰਡੀਆ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਤੋਂ ਉਹ ਇਸਦੇ ਜਨਰਲ ਸਕੱਤਰ ਬਣੇ। 2014 ਤੋਂ 2016 ਤੱਕ ਉਹ ਐਚਆਈ ਪ੍ਰਧਾਨ ਰਹੇ।