ਪਿਹੋਵਾ: ਹਾਕੀ ਦੇ ਮਸ਼ਹੂਰ ਖਿਡਾਰੀ ਅਤੇ ਬੀਜੇਪੀ ਦੇ ਪਿਹੋਵਾ ਤੋਂ ਉਮੀਦਵਾਰ ਸੰਦੀਪ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਓਲੰਪਿਕ ਵਿੱਚ ਤਮਗ਼ਾ ਲੈਣ ਲਈ ਸਮਾਂ ਜ਼ਰੂਰ ਲੱਗਦਾ ਹੈ ਪਰ ਜੇ ਅਸੀਂ ਤਿਆਰੀ ਨਹੀਂ ਕਰਾਂਗੇ ਤਾਂ ਅਸੀਂ ਕਦੇ ਵੀ ਤਮਗ਼ਾ ਨਹੀਂ ਲਿਆ ਸਕਦੇ।
ਨੌਜਵਾਨਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉੱਤਰੀ ਭਾਰਤ ਖ਼ਾਸ ਕਰ ਕੇ ਪੰਜਾਬ, ਹਰਿਆਣਾ ਤੋਂ ਕਾਫ਼ੀ ਵਧੀਆ ਖਿਡਾਰੀ ਆ ਰਹੇ ਹਨ, ਇਸ ਲਈ ਉਮੀਦ ਹੈ ਕਿ ਅਸੀਂ 2024 ਤੱਕ ਓਲੰਪਿਕ ਵਿੱਚੋਂ ਤਮਗ਼ਾ ਲਿਆ ਸਕਦੇ ਹਾਂ। ਹਾਕੀ ਕੋਚ ਬਣਨ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਮੈਂ ਮੈਨੇਜਮੈਂਟ ਵਿੱਚ ਵਧੀਆ ਕਰ ਸਕਦਾ ਹਾਂ।
ਉਨ੍ਹਾਂ ਕਿਹਾ ਕਿ ਹਾਕੀ ਹੀ ਨਹੀਂ, ਬਲਕਿ ਅਸੀਂ ਹੋਰ ਖੇਡਾਂ ਵਿੱਚ ਵੀ ਵਧੀਆ ਕਰ ਸਕਦੇ ਹਾਂ, ਕਿਉਂਕਿ ਖਿਡਾਰੀਆਂ ਨੂੰ ਸਹੀ ਸਮੇਂ ਤੇ ਸਹੀ ਚੀਜ਼ ਮੁਹੱਈਆ ਕਰਵਾਉਣ ਨਾਲ ਹੀ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਸੰਦੀਪ ਸਿੰਘ ਨੇ ਦੱਸਿਆ ਕਿ ਕੋਚ ਤਾਂ ਸਾਡੇ ਕੋਲ ਵਿਦੇਸ਼ੀ ਹਨ, ਪਰ ਮੈਨੇਜਮੈਂਟ ਹੀ ਸਭ ਤੋਂ ਮਹੱਤਵਪੂਰਨ ਚੀਜ਼ ਹੈ।
ਪਿਹੋਵਾ ਤੋਂ ਅੱਜ ਤੱਕ ਵੀ ਬੀਜੇਪੀ ਜਿੱਤ ਨਹੀਂ ਸਕੀ ਵਾਲੇ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ਇਸ ਵਿੱਚ ਚੁਣੌਤੀ ਵਾਲੀ ਤਾਂ ਕੋਈ ਵੀ ਗੱਲ ਨਹੀਂ, ਬਲਕਿ ਇਹ ਤਾਂ ਲੋਕਾਂ ਦਾ ਪਿਆਰ ਹੈ। ਉਨ੍ਹਾਂ ਕਿਹਾ ਕਿ ਚਾਹੇ ਵਿਧਾਨ ਸਭਾ ਚੋਣਾਂ ਹੋਣ, ਚਾਹੇ ਲੋਕ ਸਭਾ ਚੋਣਾਂ ਹੋਣ, ਲੋਕਾਂ ਦਾ ਬੀਜੇਪੀ ਪ੍ਰਤੀ ਪਿਆਰ ਕਦੇ ਵੀ ਘੱਟ ਨਹੀਂ ਹੋਵੇਗਾ।
ਇਹ ਵੀ ਪੜ੍ਹੋ : ਭਾਰਤੀ ਹਾਕੀ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਫੜਿਆ ਭਾਜਪਾ ਦਾ ਪੱਲਾ