ਐਂਟਵਰਪ (ਬੈਲਜੀਅਮ): ਭਾਰਤੀ ਪੁਰਸ਼ ਹਾਕੀ ਟੀਮ ਨੇ ਆਪਣੇ ਦਮਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਸਪੇਨ ਨੂੰ 5-1 ਨਾਲ ਕਰਾਰੀ ਹਾਰ ਦਿੱਤੀ। ਪਹਿਲੇ ਦੋ ਮੈਚਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਨੇ ਤੀਜੇ ਮੁਕਾਬਲੇ ਵਿੱਚ ਵੀ ਆਪਣੀ ਜਿੱਤ ਦੇ ਸਫ਼ਰ ਨੂੰ ਜਾਰੀ ਰੱਖਿਆ। ਪਹਿਲੇ ਦੋ ਮੈਚਾਂ ਵਿੱਚ ਭਾਰਤ ਨੇ ਮੇਜ਼ਬਾਨ ਬੈਲਜੀਅਮ ਨੂੰ 2-0 ਅਤੇ ਦੂਜੇ ਮੈਚ ਵਿੱਚ ਸਪੇਨ ਨੂੰ 6-1 ਦੇ ਵੱਡੇ ਅੰਤਰ ਨਾਲ ਹਰਾਇਆ ਸੀ।
ਭਾਰਤੀ ਟੀਮ ਯੂਰਪੀ ਦੌਰੇ ਤਹਿਤ ਬੈਲਜੀਅਮ ਅਤੇ ਸਪੇਨ ਵਿਰੁੱਧ ਮੈਚ ਖੇਡ ਰਹੀ ਹੈ। ਭਾਰਤ ਨੂੰ ਹੁਣ ਮੇਜ਼ਬਾਨ ਟੀਮ ਵਿਰੁੱਧ 2 ਮੈਚ ਹੋਰ ਖੇਡਣੇ ਹਨ। ਸਪੇਨ ਵਿਰੁੱਧ ਭਾਰਤ ਲਈ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਆਕਾਸ਼ਦੀਪ ਸਿੰਘ, ਐੱਸ ਵੀ ਸੁਨੀਲ ਅਤੇ ਰਮਨਦੀਪ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਮੈਚ ਦੀ ਸ਼ੁਰੂਆਤ ਹਾਲਾਂਕਿ, ਭਾਰਤ ਲਈ ਵਧੀਆ ਨਹੀਂ ਰਹੀ। ਤੀਜੇ ਮਿੰਟ ਵਿੱਚ ਇਗਲੇਸਿਆਸ ਅਲਵਾਰੋ ਨੇ ਗੋਲ ਕਰ ਕੇ ਸਪੇਨ ਨੂੰ ਮੂਹਰੇ ਲਿਆਂਦਾ।