ਚੰਡੀਗੜ੍ਹ: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ। ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਵੱਲੋਂ ਖ਼ਾਲਸਾ ਫ਼ੁੱਟਬਾਲ ਕਲੱਬ ਵੱਲੋਂ ਸਿੱਖ ਫ਼ੁੱਟਬਾਲ ਕੱਪ ਕਰਵਾਇਆ ਜਾ ਰਿਹਾ ਹੈ। ਇਸ ਕੱਪ ਦੇ ਮੁਕਾਬਲੇ 23 ਨਵੰਬਰ ਤੋਂ ਸ਼ੁਰੂ ਹੋਣਗੇ।
ਤੁਹਾਨੂੰ ਦੱਸ ਦਈਏ ਕਿ ਇਤਿਹਾਸ ਵਿੱਚ ਇਹ ਵਾਰ ਹੈ ਕਿ ਕੋਈ ਸਿੱਖ ਫ਼ੁੱਟਬਾਲ ਕੱਪ ਹੋਣ ਜਾ ਰਿਹਾ ਹੈ। ਜ਼ਿਲ੍ਹਾ ਪੱਧਰੀ ਫ਼ੁੱਟਬਾਲ ਟੀਮਾਂ ਦੇ ਟ੍ਰਾਇਲ 29 ਅਕਤੂਬਰ ਤੋਂ 2 ਨਵੰਬਰ ਤੱਕ ਪੰਜਾਬ ਫ਼ੁੱਟਬਾਲ ਐਸੋਸੀਏਸ਼ਨ ਦੀ ਮਦਦ ਨਾਲ ਕਰਵਾਏ ਜਾਣਗੇ।
ਇਸ ਟੂਰਨਾਮੈਂਟ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਫ਼ੁੱਟਬਾਲ ਟੀਮਾਂ ਸ਼ਾਮਲ ਹੋਣਗੀਆਂ ਅਤੇ ਪਹਿਲਾ ਮੈਚ 23 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਖੇਡਿਆ ਜਾਵੇਗਾ ਅਤੇ ਫ਼ਾਇਨਲ ਮੁਕਾਬਲਾ 7 ਦਸੰਬਰ ਨੂੰ ਮੁਹਾਲੀ ਵਿਖੇ ਖੇਡਿਆ ਜਾਵੇਗਾ।
ਇਸ ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ ਇਨਾਮੀ ਰਾਸ਼ੀ ਵੱਜੋਂ 5 ਲੱਖ ਰੁਪਇਆ ਅਤੇ ਦੂਸਰੇ ਨੰਬਰ ਦੀ ਜੇਤੂ ਟੀਮ ਨੂੰ 3 ਲੱਖ ਰੁਪਇਆ ਇਨਾਮ ਵੱਜੋਂ ਦਿੱਤਾ ਜਾਵੇਗਾ। ਕੱਪ ਦੇ ਪ੍ਰਬੰਧਕਾਂ ਨੇ ਇਸ ਮੋਬਾਈਲ ਐੱਪ, ਪੋਸਟਰ ਅਤੇ ਵੈਬਸਾਇਟ ਨੂੰ ਜਾਰੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੇਤੂ ਟੀਮ ਦੇ ਕੋਚ ਨੂੰ ਵੀ 50,000 ਰੁਪਏ ਅਤੇ ਦੂਸਰੀ ਨੰਬਰ ਦੀ ਜੇਤੂ ਟੀਮ ਦੇ ਕੋਚ ਨੂੰ 20,000 ਰੁਪਏ ਦਿੱਤੇ ਜਾਣਗੇ।
ਇਹ ਪਹਿਲੀ ਵਾਰੀ ਹੈ ਜਦੋਂ ਕਿਸੇ ਫ਼ੁੱਟਬਾਲ ਟੀਮ ਦੇ ਕੋਚ ਨੂੰ ਵੀ ਇਨਾਮ ਦਿੱਤਾ ਜਾ ਰਿਹਾ ਹੈ। ਸਿੱਖ ਨੌਜਵਾਨਾਂ ਨੂੰ ਆਪਣੀ ਪਹਿਚਾਣ ਬਣਾਈ ਰੱਖਣ ਲਈ ਉਤਸ਼ਾਹਿਤ ਕਰਦਿਆਂ, ਦਿੱਲੀ ਗਲੋਬਲ ਸਿੱਖਸ ਸਪੋਰਟਸ ਫੈਡਰੇਸ਼ਨ ਅਤੇ ਖ਼ਾਲਸਾ ਫ਼ੁੱਟਬਾਲ ਕਲੱਬ ਪੰਜਾਬ ਦੇ ਅੰਦਰ ਆਪਣਾ ਪਹਿਲਾ ਫ਼ੁੱਟਬਾਲ ਕੱਪ ਕਰਵਾਉਣ ਜਾ ਰਿਹਾ ਹੈ ਜੋ ਫ਼ੀਫ਼ਾ ਦੇ ਨਿਯਮਾਂ ਅਨੁਸਾਰ ਹੀ ਖੇਡਿਆ ਜਾਵੇਗਾ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਟੂਰਨਾਮੈਂਟ ਵਿੱਚ 14 ਸਾਲ ਤੋਂ 21 ਸਾਲ ਦੀ ਉਮਰ ਦੇ ਖਿਡਾਰੀ ਹਿੱਸਾ ਲੈ ਸਕਦੇ ਹਨ। ਹਰਜੀਤ ਗਰੇਵਾਲ ਨੇ ਕਿਹਾ ਕਿ ਅਗਲੇ ਸਾਲ 2020 ਤੋਂ ਅਸੀਂ ਕੁੜੀਆਂ ਲਈ ਇਕੋ ਜਿਹਾ ਫੁੱਟਬਾਲ ਟੂਰਨਾਮੈਂਟ ਕਰਵਾਵਾਂਗੇ।
ਇਹ ਵੀ ਪੜ੍ਹੋ : 550ਵਾਂ ਪ੍ਰਕਾਸ਼ ਪੁਰਬ: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਸਿੱਖ ਫ਼ੁੱਟਬਾਲ ਕੱਪ ਦਾ ਮਕਸਦ