ਨਵੀਂ ਦਿੱਲੀ : ਦਿੱਗਜ਼ ਮਿਡਫ਼ਿਲਡਰ ਸੈਂਤੀ ਕਾਜੋਰਲਾ 11 ਆਪ੍ਰੇਸ਼ਨਾਂ ਤੋਂ ਬਾਅਦ ਇੱਕ ਵਾਰ ਫ਼ਿਰ ਸਪੇਨ ਦੀ ਰਾਸ਼ਟਰੀ ਟੀਮ ਵਿੱਚ ਵਾਪਸੀ ਕਰਨ ਲਈ ਤਿਆਰ ਹੈ। ਇੰਗਲਿਸ਼ ਕਲੱਬ ਆਰਸੋਨਲ ਤੋਂ ਖੇਡ ਚੁੱਕੇ ਕਾਜੋਲਰਾ ਨੇ ਆਖ਼ਰੀ ਵਾਰ 2015 ਵਿੱਚ ਆਪਣੇ ਦੇਸ਼ ਦੀ ਜਰਸੀ ਪਾਈ ਸੀ। ਉਸ ਦੇ ਗੋਡੇ ਅਤੇ ਗੀਟੇ ਦੀ ਸਰਜ਼ਰੀ ਹੋਈ ਸੀ।
ਜਾਣਕਾਰੀ ਮੁਤਾਬਕ ਕਾਜੋਰਲਾ ਨੂੰ 2020 ਯੂਰਪੀਅਨ ਕੁਆਲੀਫ਼ਾਇੰਗ ਮੁਕਾਬਲਿਆਂ ਲਈ ਸਪੇਨ ਦੀ ਟੀਮ ਦੀ ਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਸਪੇਨ ਪਹਿਲਾ ਮੈਚ 7 ਜੂਨ ਨੂੰ ਫਾਰੋਏ ਆਇਲੈਂਡ ਅਤੇ ਦੂਸਰਾ ਮੈਚ 10 ਜੂਨ ਨੂੰ ਸਵੀਡਨ ਵਿਰੁੱਧ ਖੇਡੇਗੀ। ਸਵੀਡਨ ਦਾ ਸਾਹਮਣਾ ਸਪੇਨ ਦੀ ਟੀਮ ਮੈਡ੍ਰਿਡ ਵਿੱਚ ਕਰੇਗੀ।
ਕਾਜੋਰਲਾ ਨੇ ਆਪਣੇ ਦੇਸ਼ ਲਈ ਹੁਣ ਤੱਕ 77 ਮੈਚਾਂ ਵਿੱਚ ਕੁੱਲ 14 ਗੋਲ ਕੀਤੇ ਹਨ। ਉਸ ਨੇ ਨਵੰਬਰ 2015 ਵਿੱਚ ਇੰਗਲੈਂਡ ਵਿਰੁੱਧ ਗੋਲ ਕੀਤਾ ਸੀ।
ਉਹ 2018 ਵਿੱਚ ਆਰਸੋਨਲ ਤੋਂ ਸਪੈਨਿਸ਼ ਕਲੱਬ ਵਿਲਾਰਿਅਲ ਵਿੱਚ ਸ਼ਾਮਲ ਹੋਏ ਸਨ ਅਤੇ ਕਲੱਬ ਨੂੰ ਸਪੈਨਿਸ਼ ਲੀਗ ਤੋਂ ਰੈਲਿਗੇਟ ਹੋਣ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਕਾਜੋਰਲਾ ਨੇ ਇਸ ਸੀਜ਼ਨ ਵਿਲਾਰਿਅਲ ਦੇ ਲਈ ਕੁੱਲ 34 ਮੁਕਾਬਲੇ ਖੇਡੇ ਹਨ।