ਨਵੀਂ ਦਿੱਲੀ : ਭਾਰਤੀ ਫ਼ੁੱਟਬਾਲ ਟੀਮ ਦੇ ਅਨੁਭਵੀ ਡਿਫੈਂਡਰ ਸੰਦੇਸ਼ ਝਿੰਗਨ ਜ਼ਖ਼ਮੀ ਹੋਣ ਕਾਰਨ 6 ਮਹੀਨਿਆਂ ਲਈ ਮੈਦਾਨ ਤੋਂ ਬਾਹਰ ਰਹਿਣਗੇ। ਸੱਟ ਕਾਰਨ ਝਿੰਗਨ ਹੁਣ ਭਾਰਤੀ ਟੀਮ ਲਈ ਫ਼ੀਫ਼ਾ ਵਿਸ਼ਵ ਕੱਪ 2022 ਦੇ 4 ਕੁਆਲੀਫ਼ਾਈਰ ਮੁਕਾਬਲਿਆਂ ਵਿੱਚ ਨਹੀਂ ਖੇਡ ਸਕਣਗੇ।
ਜਾਣਕਾਰੀ ਮੁਤਾਬਕ ਝਿੰਗਨ ਨੂੰ ਬੁੱਧਵਾਰ ਨੂੰ ਨਾਰਥ-ਈਸਟ ਯੂਨਾਈਟਡ ਐੱਫ਼ ਸੀ ਵਿਰੁੱਧ ਖੇਡੇ ਗਏ ਦੋਸਤਾਨਾ ਮੁਕਾਬਲੇ ਵਿੱਚ ਗੋਡੇ ਉੱਤੇ ਸੱਟ ਲੱਗੀ ਸੀ, ਜਿਸ ਤੋਂ ਉਭਰਣ ਲਈ ਉਨ੍ਹਾਂ ਨੂੰ ਆਪ੍ਰੇਸ਼ਨ ਵੀ ਕਰਵਾਉਣਾ ਪਵੇਗਾ। ਭਾਰਤ ਨੂੰ 15 ਅਕਤੂਬਰ ਨੂੰ ਬੰਗਲਾਦੇਸ਼ ਦੇ ਵਿਰੁੱਧ ਵਿਸ਼ਵ ਕੱਪ ਕੁਆਲੀਫ਼ਾਇਰ ਮੁਕਾਬਲਾ ਖੇਡਣਾ ਹੈ।
ਉਸ ਦੇ 3 ਕੁਆਲੀਫ਼ਾਇਰ ਮੁਕਾਬਲੇ ਅਫ਼ਗਾਨਿਸਤਾਨ (15 ਅਕਤੂਬਰ), ਓਮਾਨ (19 ਨਵੰਬਰ) ਅਤੇ ਕਤਰ (26 ਮਾਰਚ) ਵਿਰੁੱਧ ਹੋਣਗੇ। ਭਾਰਤੀ ਫ਼ੁੱਟਬਾਲ ਟੀਮ ਦੇ ਕੋਚ ਇਗੋਰ ਸਟੀਮਾਕ ਨੇ ਕਿਹਾ ਕਿ ਸੱਟ ਮੇਰਾ ਪਿੱਛਾ ਨਹੀਂ ਛੱਡ ਰਹੀ ਹੈ, ਇਹ ਇੱਕ ਵੱਡਾ ਝਟਕਾ ਹੈ। ਜੇ ਤੁਸੀਂ ਕੋਈ ਖਿਡਾਰੀ ਚੁਣਨਾ ਹੈ ਤਾਂ ਜ਼ਖ਼ਮੀ ਹੋ ਜਾਵੇ ਤਾਂ ਝਿੰਗਨ ਉਸ ਸੂਚੀ ਵਿੱਚ ਆਖ਼ਿਰੀ ਹੋਣਗੇ। ਉਹ ਡਿਫ਼ੈਸ ਦੇ ਲੀਡਰ ਹਨ।