ਲੰਡਨ: ਇੰਗਲੈਂਡ ਦੇ ਸਾਬਕਾ ਡਿਫੈਂਡਰ ਨਾਰਮੈਨ ਹੰਟਰ ਦਾ 76 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਨੂੰ ਕੋਵਿਡ-19 ਦੇ ਕਾਰਨ ਦੇਹਾਂਤ ਹੋ ਗਿਆ। ਉਹ 1966 ਵਿੱਚ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ।
ਮੀਡਿਆ ਰਿਪੋਰਟਾਂ ਮੁਤਾਬਕ ਹੰਟਰ ਨੂੰ 10 ਅਪ੍ਰੈਲ ਨੂੰ ਕੋਰੋਨਾ ਵਾਇਰਸ ਨਾਲ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਅੱਜ ਹੀ ਉਨ੍ਹਾਂ ਦੀ ਹਾਲਤ ਵਿਗੜ ਜਾਣ ਦੀ ਖ਼ਬਰ ਆਈ ਸੀ।
ਹੰਟਰ ਨੇ ਲੀਡਜ਼ ਦੇ ਸਭ ਤੋਂ ਸਫ਼ਲ ਯੁੱਗ ਵਿੱਚ ਅਹਿਮ ਰੋਲ ਨਿਭਾਇਆ ਸੀ ਅਤੇ ਦੋ ਲੀਗ ਖ਼ਿਤਾਬ ਵੀ ਝੋਲੀ ਵਿੱਚ ਪਾਏ ਸਨ। ਲੀਡਜ਼ ਯੂਨਾਈਟਿਡ ਨੇ ਹੰਟਰ ਦੀ ਮੌਤ ਉੱਤੇ ਦੁੱਖ ਪ੍ਰਗਟਾਇਆ ਹੈ। ਕਲੱਬ ਨੇ ਕਿਹਾ ਕਿ ਹੰਟਰ ਦੀ ਮੌਤ ਨਾਲ ਕਲੱਬ ਦਾ ਪਰਿਵਾਰ ਦੁੱਖੀ ਹੈ। ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਇਸ ਮੁਸ਼ਕਿਲ ਸਮੇਂ ਵਿੱਚ ਕਲੱਬ ਉਨ੍ਹਾਂ ਦੇ ਪਰਿਵਾਰ ਅਤੇ ਦੌਸਤਾਂ ਦੇ ਨਾਲ ਹੈ।
ਦੱਸ ਦਈਏ ਕਿ ਹੰਟਰ ਡਿਫੈਂਡਰ ਦੇ ਤੌਰ ਉੱਤੇ ਮਹਿਜ਼ 15 ਸਾਲ ਦੀ ਉਮਰ ਵਿੱਚ ਲੀਡਜ਼ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਕਲੱਬ ਦੇ ਲਈ ਸਾਰੇ ਮੁਕਾਬਲਿਆਂ ਵਿੱਚੋਂ 726 ਮੈਚ ਖੇਡੇ।
ਡਾਨ ਰੇਵੀ ਦੀ ਕਪਤਾਨੀ ਵਿੱਚ ਕਲੱਬ ਨੇ 1969 ਅਤੇ 1974 ਵਿੱਚ ਪਹਿਲੀ ਸ਼੍ਰੇਣੀ ਦਾ ਖਿਤਾਬ ਜਿੱਤਿਆ ਸੀ। ਹੰਟਰ ਇਸ ਟੀਮ ਦੇ ਅਹਿਮ ਮੈਂਬਰ ਰਹੇ। 1968 ਲੀਗ ਕੱਪ ਫ਼ਾਇਨਲ ਵਿੱਚ ਆਰਸੇਨਲ ਵਿਰੁੱਧ ਜਿੱਤ ਵਿੱਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ। 1976 ਵਿੱਚ ਲੀਡਜ਼ ਛੱਡਣ ਤੋਂ ਬਾਅਦ ਹੰਟਰ ਨੇ ਬ੍ਰਿਸਟਲ ਸਿਟੀ ਅਤੇ ਬਾਰਨਸਲੇ ਦੇ ਲਈ ਵੀ ਖੇਡਿਆ।
ਇੰਗਲੈਂਡ ਦੀ ਰਾਸ਼ਟਰੀ ਟੀਮ ਨੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਦੀ ਮੌਤ ਉੱਤੇ ਕਿਹਾ ਕਿ ਅਸੀਂ ਹੰਟਰ ਦੀ ਮੌਤ ਤੋਂ ਬੇਹੱਦ ਦੁੱਖੀ ਹਾਂ। ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਦੌਸਤਾਂ ਨਾਲ ਸਾਡੀ ਹਮਦਰਦੀ ਹੈ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਹੁਣ ਤੱਕ ਬ੍ਰਿਟੇਨ ਵਿੱਚ 1 ਲੱਖ ਤੋਂ ਜ਼ਿਆਦਾ ਲੋਕ ਗ੍ਰਸਤ ਹੋ ਚੁੱਕੇ ਹਨ, ਜਦਕਿ 14,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, ਦੁਨੀਆ ਭਰ ਵਿੱਚ ਹੁਣ ਤੱਕ 1,45,516 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 21,82,084 ਲੋਕਾਂ ਇਸ ਵਾਇਰਸ ਨਾਲ ਗ੍ਰਸਤ ਪਾਏ ਗਏ ਹਨ।