ਨਵੀਂ ਦਿੱਲੀ: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਮੰਗਲਵਾਰ 27 ਜੂਨ ਨੂੰ ਪੁਰਸ਼ ਵਨਡੇ ਵਿਸ਼ਵ ਕੱਪ 2023 ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਵਿਸ਼ਵ ਕੱਪ ਟੂਰਨਾਮੈਂਟ 5 ਅਕਤੂਬਰ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਸ਼ੁਰੂ ਹੋਵੇਗਾ ਅਤੇ ਇਸ ਦਾ ਫਾਈਨਲ 19 ਨਵੰਬਰ ਨੂੰ ਖੇਡਿਆ ਜਾਵੇਗਾ। ਇਹ ਟੂਰਨਾਮੈਂਟ ਭਾਰਤ ਦੀ ਮੇਜ਼ਬਾਨੀ ਵਿੱਚ ਖੇਡਿਆ ਜਾਵੇਗਾ। ਇਸ ਸ਼ਾਨਦਾਰ ਟੂਰਨਾਮੈਂਟ ਦੀ ਸ਼ੁਰੂਆਤ ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੈਚ ਨਾਲ ਹੋਵੇਗੀ। ਭਾਰਤ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਖੇਡੇਗਾ। ਇਸ ਤੋਂ ਪਹਿਲਾਂ ਬੋਰਡ ਨੂੰ ਭੇਜੇ ਗਏ ਡਰਾਫਟ ਸ਼ਡਿਊਲ ਵਿੱਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। 15 ਅਕਤੂਬਰ ਨੂੰ ਭਾਰਤੀ ਟੀਮ ਅਹਿਮਦਾਬਾਦ ਵਿੱਚ ਪਾਕਿਸਤਾਨ ਨਾਲ ਖੇਡੇਗੀ।
ਲੀਗ ਦੌਰ 'ਚ 9 ਮੈਚ:ਇਸ ਵਿਸ਼ਵ ਕੱਪ ਵਿੱਚ ਭਾਰਤ ਲੀਗ ਦੌਰ ਵਿੱਚ ਕੁੱਲ 9 ਮੈਚ ਖੇਡੇਗਾ। ਇਸ ਟੂਰਨਾਮੈਂਟ 'ਚ ਭਾਰਤੀ ਟੀਮ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖਿਲਾਫ ਸ਼ੁਰੂਆਤ ਕਰੇਗੀ। ਭਾਰਤ ਦਾ ਦੂਜਾ ਮੈਚ 11 ਅਕਤੂਬਰ ਨੂੰ ਅਫਗਾਨਿਸਤਾਨ ਨਾਲ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਪਾਕਿਸਤਾਨ ਨਾਲ ਖੇਡੇਗਾ। ਟੀਮ ਇੰਡੀਆ ਆਪਣਾ ਚੌਥਾ ਮੈਚ 19 ਅਕਤੂਬਰ ਨੂੰ ਪੁਣੇ 'ਚ ਬੰਗਲਾਦੇਸ਼ ਖਿਲਾਫ ਖੇਡੇਗੀ। ਭਾਰਤ ਬਨਾਮ ਨਿਊਜ਼ੀਲੈਂਡ ਵਿਚਾਲੇ ਪੰਜਵਾਂ ਮੈਚ 22 ਅਕਤੂਬਰ ਨੂੰ ਧਰਮਸ਼ਾਲਾ ਮੈਦਾਨ 'ਤੇ ਹੋਵੇਗਾ। ਭਾਰਤ ਦਾ ਛੇਵਾਂ ਮੈਚ 29 ਅਕਤੂਬਰ ਨੂੰ ਲਖਨਊ ਵਿੱਚ ਇੰਗਲੈਂਡ ਨਾਲ ਹੋਵੇਗਾ। ਭਾਰਤ 2 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਕੁਆਲੀਫਾਇਰ 2 ਖੇਡੇਗਾ। ਇਸ ਤੋਂ ਇਲਾਵਾ ਭਾਰਤ 5 ਨਵੰਬਰ ਨੂੰ ਕੋਲਕਾਤਾ 'ਚ ਦੱਖਣੀ ਅਫਰੀਕਾ ਖਿਲਾਫ ਖੇਡੇਗਾ। 11 ਨਵੰਬਰ ਨੂੰ ਭਾਰਤ ਬੇਂਗਲੁਰੂ ਵਿੱਚ ਕੁਆਲੀਫਾਇਰ 1 ਖੇਡੇਗਾ।
20 ਨਵੰਬਰ ਨੂੰ ਰਿਜ਼ਰਵ ਡੇਅ: ਵਨਡੇ ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ 15 ਨਵੰਬਰ ਨੂੰ ਮੁੰਬਈ 'ਚ ਅਤੇ ਦੂਜਾ ਅਗਲੇ ਦਿਨ ਕੋਲਕਾਤਾ 'ਚ ਖੇਡਿਆ ਜਾਵੇਗਾ। ਦੋਵੇਂ ਸੈਮੀਫਾਈਨਲ 'ਚ ਰਿਜ਼ਰਵ ਡੇਅ ਹੋਵੇਗਾ। ਫਾਈਨਲ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਜਦਕਿ 20 ਨਵੰਬਰ ਨੂੰ ਰਿਜ਼ਰਵ ਡੇਅ ਹੋਵੇਗਾ। ਤਿੰਨੇ ਨਾਕਆਊਟ ਮੈਚ ਦਿਨ-ਰਾਤ ਦੇ ਹੋਣਗੇ। ਮੇਜ਼ਬਾਨ ਭਾਰਤ 8 ਅਕਤੂਬਰ ਨੂੰ ਚੇਨਈ ਵਿੱਚ ਪੰਜ ਵਾਰ ਦੇ ਵਿਸ਼ਵ ਕੱਪ ਜੇਤੂ ਆਸਟਰੇਲੀਆ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਵਿਸ਼ਵ ਕੱਪ ਵਿੱਚ ਦਸ ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿੱਚੋਂ ਅੱਠ ਨੇ ਕੁਆਲੀਫਾਈ ਕਰ ਲਿਆ ਹੈ ਅਤੇ ਬਾਕੀ ਦੋ ਜ਼ਿੰਬਾਬਵੇ ਵਿੱਚ ਚੱਲ ਰਹੇ ਕੁਆਲੀਫਾਇਰ ਟੂਰਨਾਮੈਂਟ ਰਾਹੀਂ ਪੁੱਜਣਗੀਆਂ। ਪਾਕਿਸਤਾਨ ਦਾ ਸਾਹਮਣਾ 20 ਅਕਤੂਬਰ ਨੂੰ ਬੈਂਗਲੁਰੂ 'ਚ ਆਸਟ੍ਰੇਲੀਆ ਨਾਲ ਹੋਵੇਗਾ। ਜਦੋਂਕਿ ਅਗਲੇ ਦਿਨ ਇੰਗਲੈਂਡ ਦਾ ਮੁੰਬਈ ਵਿੱਚ ਦੱਖਣੀ ਅਫਰੀਕਾ ਨਾਲ ਮੁਕਾਬਲਾ ਹੋਵੇਗਾ। ਭਾਰਤ ਅਤੇ ਨਿਊਜ਼ੀਲੈਂਡ 22 ਅਕਤੂਬਰ ਨੂੰ ਧਰਮਸ਼ਾਲਾ ਵਿੱਚ ਆਹਮੋ-ਸਾਹਮਣੇ ਹੋਣਗੇ।
8 ਟੀਮਾਂ ਕੁਆਲੀਫਾਈ ਕਰ ਚੁੱਕੀਆਂ ਹਨ: ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਕੁੱਲ ਦਸ ਟੀਮਾਂ ਹਿੱਸਾ ਲੈਣਗੀਆਂ। ਇਸ ਦੇ ਲਈ 8 ਟੀਮਾਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀਆਂ ਹਨ। ਹੁਣ ਜ਼ਿੰਬਾਬਵੇ ਵਿੱਚ ਸਿਰਫ਼ ਦੋ ਸਥਾਨਾਂ ਲਈ ਕੁਆਲੀਫਾਇਰ ਮੈਚ ਖੇਡਿਆ ਜਾ ਰਿਹਾ ਹੈ। ਇਸ ਕੁਆਲੀਫਾਇਰ ਰਾਊਂਡ ਦੇ ਸੁਪਰ ਸਿਕਸ 'ਚ ਹੁਣ ਤੱਕ 6 ਟੀਮਾਂ ਪਹੁੰਚ ਚੁੱਕੀਆਂ ਹਨ। ਇਨ੍ਹਾਂ 6 ਟੀਮਾਂ 'ਚੋਂ 2 ਟੀਮਾਂ ਭਾਰਤ 'ਚ ਹੋਣ ਵਾਲੇ ਵਿਸ਼ਵ ਕੱਪ ਦੇ ਮੁੱਖ ਦੌਰ 'ਚ ਹਿੱਸਾ ਲੈਣਗੀਆਂ। ਇਸ ਦੇ ਨਾਲ ਹੀ ਸ਼ੁਰੂਆਤ 'ਚ ਦੋ ਵਾਰ ਦੀ ਵਿਸ਼ਵ ਕੱਪ ਚੈਂਪੀਅਨ ਵੈਸਟਇੰਡੀਜ਼ ਦੀ ਟੀਮ ਇਸ ਟੂਰਨਾਮੈਂਟ ਦੀ ਦੌੜ ਤੋਂ ਬਾਹਰ ਹੋਣ ਦੀ ਕਗਾਰ 'ਤੇ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਅਤੇ ਜ਼ਿੰਬਾਬਵੇ ਦੇ ਮੁੱਖ ਦੌਰ 'ਚ ਖੇਡਣ ਦੀ ਜ਼ਿਆਦਾ ਸੰਭਾਵਨਾ ਹੈ। 9 ਜੁਲਾਈ ਨੂੰ ਵਨਡੇ ਵਿਸ਼ਵ ਕੱਪ ਵਿੱਚ ਸ਼ਾਮਲ ਹੋਣ ਵਾਲੀਆਂ ਬਾਕੀ ਦੋ ਟੀਮਾਂ ਦਾ ਵੀ ਫੈਸਲਾ ਹੋ ਜਾਵੇਗਾ।