ਅਹਿਮਦਾਬਾਦ:ICC ਵਿਸ਼ਵ ਕੱਪ 2023 ਦਾ 36ਵਾਂ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਦੇ ਸਟਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਪੈਟ ਕਮਿੰਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਆਸਟ੍ਰੇਲੀਆ ਲਈ ਸਟੀਵ ਸਮਿਥ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ।
ਸਮਿਥ ਨੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਬਣਾਈਆਂ 1000 ਦੌੜਾਂ:ਸਟੀਵ ਸਮਿਥ ਨੇ ਇੰਗਲੈਂਡ ਖਿਲਾਫ 4 ਦੌੜਾਂ ਬਣਾ ਕੇ ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਆਪਣੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਹੁਣ ਉਹ ਵਿਸ਼ਵ ਕੱਪ ਵਿੱਚ 1000 ਦੌੜਾਂ ਬਣਾਉਣ ਵਾਲੇ ਆਸਟ੍ਰੇਲੀਆ ਦੇ ਚੌਥੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ 27 ਪਾਰੀਆਂ 'ਚ 9 ਅਰਧ ਸੈਂਕੜੇ ਅਤੇ 1 ਸੈਂਕੜੇ ਦੀ ਮਦਦ ਨਾਲ ਆਪਣੀਆਂ 1000 ਦੌੜਾਂ ਪੂਰੀਆਂ ਕੀਤੀਆਂ ਹਨ। ਇਸ ਦੌਰਾਨ ਉਸ ਦੀ ਔਸਤ 47.67 ਰਹੀ ਹੈ।
ਉਨ੍ਹਾਂ ਤੋਂ ਪਹਿਲਾਂ ਰਿਕੀ ਪੋਂਟਿੰਗ, ਡੇਵਿਡ ਵਾਰਨਰ, ਐਡਮ ਗਿਲਕ੍ਰਿਸਟ ਆਸਟ੍ਰੇਲੀਆ ਲਈ 1000 ਦੌੜਾਂ ਬਣਾ ਚੁੱਕੇ ਹਨ। ਹੁਣ ਇਸ ਸੂਚੀ ਵਿੱਚ ਸਟੀਵ ਸਮਿਥ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਵਨਡੇ ਵਿਸ਼ਵ ਕੱਪ ਦੇ ਇਤਿਹਾਸ 'ਚ ਹੁਣ ਤੱਕ ਇਨ੍ਹਾਂ 4 ਬੱਲੇਬਾਜ਼ਾਂ ਨੇ ਆਸਟ੍ਰੇਲੀਆ ਲਈ 1 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ।
ਆਸਟਰੇਲੀਆ ਲਈ ਵਨਡੇ ਵਿਸ਼ਵ ਕੱਪ ਵਿੱਚ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼
- ਰਿਕੀ ਪੋਂਟਿੰਗ: 1743 ਦੌੜਾਂ
- ਡੇਵਿਡ ਵਾਰਨਰ: 1420 ਦੌੜਾਂ
- ਐਡਮ ਗਿਲਕ੍ਰਿਸਟ: 1085 ਦੌੜਾਂ
- ਸਟੀਵ ਸਮਿਥ: 1038 ਦੌੜਾਂ
ਇਸ ਮੈਚ 'ਚ ਸਟੀਵ ਸਮਿਥ ਨੇ 52 ਗੇਂਦਾਂ ਦਾ ਸਾਹਮਣਾ ਕੀਤਾ ਅਤੇ 3 ਚੌਕਿਆਂ ਦੀ ਮਦਦ ਨਾਲ 44 ਦੌੜਾਂ ਦੀ ਪਾਰੀ ਖੇਡੀ। ਸਮਿਥ ਬਦਕਿਸਮਤ ਰਹੇ ਅਤੇ ਆਪਣਾ ਅਰਧ ਸੈਂਕੜਾ ਪੂਰਾ ਨਹੀਂ ਕਰ ਸਕੇ। ਆਸਟ੍ਰੇਲੀਆ ਨੇ 41 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਹੁਣ ਤੱਕ 225 ਦੌੜਾਂ ਬਣਾ ਲਈਆਂ ਹਨ। ਆਸਟ੍ਰੇਲੀਆ ਲਈ ਹੁਣ ਤੱਕ ਸਭ ਤੋਂ ਵੱਧ 71 ਦੌੜਾਂ ਮਾਰਨਸ ਲਾਬੂਸ਼ੇਨ ਨੇ ਬਣਾਈਆਂ ਹਨ। ਜੇਕਰ ਆਸਟ੍ਰੇਲੀਆ ਨੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰਨੀ ਹੈ ਤਾਂ ਉਸ ਨੂੰ ਇਹ ਮੈਚ ਕਿਸੇ ਵੀ ਕੀਮਤ 'ਤੇ ਜਿੱਤਣਾ ਹੋਵੇਗਾ, ਜਦਕਿ ਇੰਗਲੈਂਡ ਕਾਫੀ ਸਮਾਂ ਪਹਿਲਾਂ ਸੈਮੀਫਾਈਨਲ ਦੀ ਦੌੜ 'ਚੋਂ ਬਾਹਰ ਹੋ ਚੁੱਕਾ ਹੈ।