ਚੇਨਈ: ਕ੍ਰਿਕਟ ਵਿਸ਼ਵ ਕੱਪ 2023 ਦਾ 26ਵਾਂ ਲੀਗ ਮੈਚ ਅੱਜ ਦੱਖਣੀ ਅਫਰੀਕਾ ਅਤੇ ਪਾਕਿਸਤਾਨ ਵਿਚਾਲੇ ਐੱਮ.ਏ. ਚਿਦੰਬਰਮ ਸਟੇਡੀਅਮ 'ਚ ਖੇਡਿਆ ਜਾਵੇਗਾ। ਲਗਾਤਾਰ 3 ਹਾਰ ਝੱਲਣ ਤੋਂ ਬਾਅਦ ਇਸ ਮੈਚ 'ਚ ਪਾਕਿਸਤਾਨ 'ਤੇ ਕਾਫੀ ਦਬਾਅ ਹੋਵੇਗਾ। ਕਿਉਂਕਿ ਸੈਮੀਫਾਈਨਲ ਦੀ ਦੌੜ 'ਚ ਬਣੇ ਰਹਿਣ ਲਈ ਉਸ ਨੂੰ ਆਪਣੇ ਬਾਕੀ 4 ਮੈਚ ਜਿੱਤਣੇ ਹੋਣਗੇ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਟੀਮ ਇਸ ਮੈਚ ਲਈ ਫੇਵਰੇਟ ਹੈ ਅਤੇ ਇੱਕ ਹੋਰ ਧਮਾਕੇਦਾਰ ਪ੍ਰਦਰਸ਼ਨ ਦੇਣ ਲਈ ਮੈਦਾਨ ਵਿੱਚ ਉਤਰੇਗੀ।
ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਦਾ ਪ੍ਰਦਰਸ਼ਨ: ਵਿਸ਼ਵ ਕੱਪ 'ਚ 5 'ਚੋਂ 4 ਮੈਚ ਜਿੱਤ ਕੇ ਦੱਖਣੀ ਅਫਰੀਕਾ ਦੀ ਟੀਮ ਅੰਕ ਸੂਚੀ 'ਚ ਭਾਰਤ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਉਸ ਨੇ ਸ਼੍ਰੀਲੰਕਾ, ਆਸਟ੍ਰੇਲੀਆ, ਇੰਗਲੈਂਡ ਅਤੇ ਬੰਗਲਾਦੇਸ਼ ਨੂੰ ਹਰਾਇਆ ਹੈ ਅਤੇ ਨੀਦਰਲੈਂਡ ਦੇ ਖਿਲਾਫ ਉਸ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। ਇਸ ਦੇ ਨਾਲ ਹੀ ਪਾਕਿਸਤਾਨ ਨੇ ਨੀਦਰਲੈਂਡ ਅਤੇ ਫਿਰ ਸ਼੍ਰੀਲੰਕਾ ਨੂੰ ਹਰਾ ਕੇ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਪਰ ਫਿਰ ਉਸ ਨੂੰ ਭਾਰਤ, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਖਿਲਾਫ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ 5 ਮੈਚਾਂ 'ਚ 2 ਜਿੱਤਾਂ ਨਾਲ ਅੰਕ ਸੂਚੀ 'ਚ ਛੇਵੇਂ ਸਥਾਨ 'ਤੇ ਹੈ।
PAK ਬਨਾਮ SA ਹੈੱਡ ਟੂ ਹੈਡ:ਪਾਕਿਸਤਾਨ ਖਿਲਾਫ ਵਨਡੇ ਮੈਚਾਂ 'ਚ ਦੱਖਣੀ ਅਫਰੀਕਾ ਦਾ ਰਿਕਾਰਡ ਬਹੁਤ ਸ਼ਾਨਦਾਰ ਹੈ। ਦੋਵਾਂ ਟੀਮਾਂ ਵਿਚਾਲੇ ਕੁੱਲ 82 ਵਨਡੇ ਮੈਚ ਖੇਡੇ ਗਏ ਹਨ, ਜਿਨ੍ਹਾਂ 'ਚੋਂ ਦੱਖਣੀ ਅਫਰੀਕਾ ਨੇ 51 ਜਿੱਤੇ ਹਨ ਪਰ ਕ੍ਰਿਕਟ ਵਿਸ਼ਵ ਕੱਪ ਵਿੱਚ ਪਾਕਿਸਤਾਨ ਦਾ ਰਿਕਾਰਡ ਸ਼ਾਨਦਾਰ ਹੈ। ਪਾਕਿਸਤਾਨ 1999 ਤੋਂ ਬਾਅਦ ਕਿਸੇ ਵੀ ਇੱਕ ਰੋਜ਼ਾ ਵਿਸ਼ਵ ਕੱਪ ਮੈਚ ਵਿੱਚ ਦੱਖਣੀ ਅਫਰੀਕਾ ਤੋਂ ਨਹੀਂ ਹਾਰਿਆ ਹੈ। ਵਿਸ਼ਵ ਕੱਪ 2023 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਦੱਖਣੀ ਅਫਰੀਕਾ ਦੀ ਨਜ਼ਰ ਅੱਜ 24 ਸਾਲਾਂ ਦੇ ਸੋਕੇ ਨੂੰ ਖਤਮ ਕਰਨ 'ਤੇ ਹੋਵੇਗੀ।