ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਇਨ੍ਹੀਂ ਦਿਨੀਂ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ। ਟੀਮ ਇੰਡੀਆ ਨੇ ਆਈਸੀਸੀ ਵਿਸ਼ਵ ਕੱਪ 2023 ਵਿੱਚ ਹੁਣ ਤੱਕ 4 ਮੈਚ ਖੇਡੇ ਹਨ ਅਤੇ ਇਨ੍ਹਾਂ ਚਾਰਾਂ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ। ਇਨ੍ਹਾਂ ਚਾਰ ਮੈਚਾਂ 'ਚੋਂ ਰਾਹੁਲ ਨੇ 3 ਮੈਚਾਂ 'ਚ ਬੱਲੇਬਾਜ਼ੀ ਕੀਤੀ ਹੈ ਅਤੇ ਇਸ ਦੌਰਾਨ ਉਹ ਤਿੰਨੋਂ ਪਾਰੀਆਂ 'ਚ ਅਜੇਤੂ ਪਰਤੇ ਹਨ। ਆਸਟਰੇਲੀਆ, ਪਾਕਿਸਤਾਨ ਜਾਂ ਬੰਗਲਾਦੇਸ਼ ਵਰਗੀ ਕਿਸੇ ਵੀ ਟੀਮ ਦਾ ਕੋਈ ਗੇਂਦਬਾਜ਼ ਉਸ ਨੂੰ ਆਊਟ ਨਹੀਂ ਕਰ ਸਕਿਆ ਹੈ। ਰਾਹੁਲ ਨੇ ਵਿਸ਼ਵ ਕੱਪ 2023 ਦੀਆਂ 4 ਪਾਰੀਆਂ ਵਿੱਚ 150 ਦੌੜਾਂ ਬਣਾਈਆਂ ਹਨ।
ਮਿਡਲ ਆਰਡਰ ਦੀ ਰੀੜ੍ਹ ਦੀ ਹੱਡੀ ਹੈ ਰਾਹੁਲ:ਕੇਐੱਲ ਰਾਹੁਲ ਭਾਰਤੀ ਟੀਮ ਦੇ ਮੱਧਕ੍ਰਮ ਦੀ ਰੀੜ੍ਹ ਦੀ ਹੱਡੀ ਹਨ। ਉਸ ਨੇ ਆਪਣੀ ਖੇਡ ਨਾਲ ਇਹ ਵਾਰ-ਵਾਰ ਸਾਬਤ ਕੀਤਾ ਹੈ। ਜੇਕਰ ਰਾਹੁਲ ਨੇ ਆਸਟਰੇਲੀਆ ਖ਼ਿਲਾਫ਼ ਪਹਿਲੀਆਂ ਤਿੰਨ ਵਿਕਟਾਂ ਸਸਤੇ ਵਿੱਚ ਡਿੱਗਣ ਤੋਂ ਬਾਅਦ ਪਾਰੀ ਨੂੰ ਸੰਭਾਲਿਆ ਨਾ ਹੁੰਦਾ ਤਾਂ ਟੀਮ ਲਈ ਮੈਚ ਜਿੱਤਣਾ ਮੁਸ਼ਕਿਲ ਹੋ ਸਕਦਾ ਸੀ। ਭਾਰਤ ਲਈ ਵਨਡੇ ਫਾਰਮੈਟ 'ਚ ਮੱਧਕ੍ਰਮ 'ਚ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਰਾਹੁਲ ਨੇ 11 ਪਾਰੀਆਂ 'ਚ 60.13 ਦੀ ਔਸਤ ਨਾਲ 481 ਦੌੜਾਂ ਬਣਾਈਆਂ ਹਨ। ਇਸ ਤਰ੍ਹਾਂ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ ਉਸ ਨੇ 23 ਪਾਰੀਆਂ 'ਚ 59.8 ਦੀ ਔਸਤ ਨਾਲ 957 ਦੌੜਾਂ ਬਣਾਈਆਂ ਹਨ। ਮੱਧਕ੍ਰਮ ਦੇ ਬੱਲੇਬਾਜ਼ ਵਜੋਂ ਰਾਹੁਲ ਨੇ 34 ਪਾਰੀਆਂ ਵਿੱਚ 59.91 ਦੀ ਔਸਤ ਨਾਲ 1438 ਦੌੜਾਂ ਆਪਣੇ ਨਾਮ ਕੀਤੀਆਂ ਹਨ।