ਕੋਲਕਾਤਾ: ਆਈਸੀਸੀ ਵਿਸ਼ਵ ਕੱਪ 2023 ਦਾ 37ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 25 ਓਵਰਾਂ 'ਚ 2 ਵਿਕਟਾਂ ਗੁਆ ਕੇ 160 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਭਾਰਤ ਦੀ ਤਰਫੋਂ ਵਿਰਾਟ ਕੋਹਲੀ ਕ੍ਰੀਜ਼ 'ਤੇ ਮੌਜੂਦ ਹਨ। ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ ਇੱਕ ਹੋਰ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਵਿਰਾਟ ਨੇ ਈਡਨ ਗਾਰਡਨ 'ਤੇ ਅਰਧ ਸੈਂਕੜਾ ਬਣਾ ਕੇ ਰਚਿਆ ਇਤਿਹਾਸ, ਸਚਿਨ ਤੋਂ ਬਾਅਦ ਅਜਿਹਾ ਕਰਨ ਵਾਲੇ ਬਣੇ ਦੂਜੇ ਭਾਰਤੀ ਬੱਲੇਬਾਜ਼
ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਆਪਣੇ 35ਵੇਂ ਜਨਮਦਿਨ 'ਤੇ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਵਿਰਾਟ ਨੇ ਵਨਡੇ ਵਿਸ਼ਵ ਕੱਪ 2023 ਦੇ 37ਵੇਂ ਮੈਚ 'ਚ ਦੱਖਣੀ ਅਫਰੀਕਾ ਖਿਲਾਫ ਅਰਧ ਸੈਂਕੜਾ ਲਗਾਇਆ ਹੈ।
Published : Nov 5, 2023, 5:52 PM IST
|Updated : Nov 5, 2023, 7:56 PM IST
ਵਿਰਾਟ ਨੇ ਵਿਸ਼ਵ ਕੱਪ 'ਚ ਪੂਰੀਆਂ ਕੀਤੀਆਂ 1500 ਦੌੜਾਂ: ਵਿਰਾਟ ਕੋਹਲੀ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ 1500 ਦੌੜਾਂ ਬਣਾਉਣ ਵਾਲੇ ਭਾਰਤ ਦੇ ਦੂਜੇ ਬੱਲੇਬਾਜ਼ ਬਣ ਗਏ ਹਨ। ਭਾਰਤ ਲਈ 1500 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਹਨ। ਇਸ ਨਾਲ ਵਿਰਾਟ ਵਨਡੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ 1500 ਦੌੜਾਂ ਪੂਰੀਆਂ ਕਰਨ ਵਾਲੇ ਚੌਥੇ ਬੱਲੇਬਾਜ਼ ਬਣ ਗਏ ਹਨ। ਵਿਰਾਟ ਤੋਂ ਪਹਿਲਾਂ ਸਚਿਨ ਤੇਂਦੁਲਕਰ, ਰਿਕੀ ਪੋਂਟਿੰਗ ਅਤੇ ਕੁਮਾਰ ਸੰਗਾਕਾਰਾ ਨੇ 1500 ਦੌੜਾਂ ਬਣਾਈਆਂ ਸਨ। ਹੁਣ ਵਿਰਾਟ ਇਸ ਸੂਚੀ 'ਚ ਚੌਥੇ ਨੰਬਰ 'ਤੇ ਹਨ।
ਵਿਰਾਟ ਨੇ 5 ਚੌਕਿਆਂ ਦੇ ਨਾਲ ਪੂਰਾ ਕੀਤਾ ਅਰਧ ਸੈਂਕੜਾ: ਅੱਜ ਵਿਰਾਟ ਕੋਹਲੀ ਦਾ 35ਵਾਂ ਜਨਮਦਿਨ ਹੈ। ਰੋਹਿਤ ਸ਼ਰਮਾ ਦੇ ਆਊਟ ਹੋਣ ਤੋਂ ਬਾਅਦ ਜਦੋਂ ਉਹ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਮੈਦਾਨ 'ਤੇ ਆਇਆ ਤਾਂ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਵਿਰਾਟ ਨੇ 67 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 50 ਦੌੜਾਂ ਪੂਰੀਆਂ ਕੀਤੀਆਂ। ਇਹ ਉਸ ਦੇ ਕਰੀਅਰ ਦਾ 71ਵਾਂ ਵਨਡੇ ਅਰਧ ਸੈਂਕੜਾ ਹੈ। ਜਦੋਂ ਕਿ ਵਿਸ਼ਵ ਕੱਪ 2023 ਵਿੱਚ ਇਹ ਉਸਦਾ ਚੌਥਾ ਅਰਧ ਸੈਂਕੜਾ ਹੈ। ਹੁਣ 55 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।