ਲਖਨਊ: ਆਈਸੀਸੀ ਵਿਸ਼ਵ ਕੱਪ 2023 ਦਾ 29ਵਾਂ ਮੈਚ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿੱਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਰੋਹਿਤ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਆਪਣੀਆਂ 18000 ਦੌੜਾਂ ਪੂਰੀਆਂ ਕਰ ਲਈਆਂ ਹਨ। ਰੋਹਿਤ ਇਹ ਉਪਲਬਧੀ ਹਾਸਿਲ ਕਰਨ ਵਾਲੇ ਦੁਨੀਆ ਦੇ 15ਵੇਂ ਬੱਲੇਬਾਜ਼ ਬਣ ਗਏ ਹਨ ਜਦਕਿ ਭਾਰਤ ਵੱਲੋਂ 18000 ਦੌੜਾਂ ਬਣਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ।
ਰੋਹਿਤ ਸ਼ਰਮਾ ਨੇ ਪੂਰੇ ਕੀਤੇ 18000 ਰਨ: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਇਸ ਮੈਚ 'ਚ ਇੰਗਲੈਂਡ ਨੇ ਟਾਸ ਜਿੱਤ ਕੇ ਟੀਮ ਇੰਡੀਆ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ। ਰੋਹਿਤ ਸ਼ਰਮਾ ਨੇ ਇਸ ਮੈਚ 'ਚ ਪਾਰੀ ਦੀ ਧਮਾਕੇਦਾਰ ਸ਼ੁਰੂਆਤ ਕੀਤੀ। ਉਸ ਨੇ ਡੇਵਿਡ ਵਿਲੀ ਦੇ ਸਾਹਮਣੇ ਆਪਣੀਆਂ ਪਹਿਲੀਆਂ ਦੋ ਗੇਂਦਾਂ 'ਤੇ ਇਕ ਚੌਕਾ ਅਤੇ ਇਕ ਛੱਕਾ ਲਗਾ ਕੇ 10 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰੋਹਿਤ ਕ੍ਰੀਜ਼ 'ਤੇ ਖੜ੍ਹੇ ਹੋਏ ਅਤੇ ਸਭ ਤੋਂ ਪਹਿਲਾਂ ਸ਼ੁਭਮਨ ਗਿੱਲ ਅਤੇ ਵਿਰਾਟ ਕੋਹਲੀ ਉਸ ਦੇ ਸਾਹਮਣੇ ਆਊਟ ਹੋ ਕੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਵੀ ਆਊਟ ਹੋ ਕੇ ਚਲੇ ਗਏ।
ਰੋਹਿਤ ਨੇ ਚੌਕਾ ਲਗਾ ਕੇ ਹਾਸਿਲ ਕੀਤਾ ਇਹ ਰਿਕਾਰਡ:ਭਾਰਤੀ ਟੀਮ ਨੇ 12ਵੇਂ ਓਵਰ 'ਚ 40 ਦੌੜਾਂ 'ਤੇ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਰੋਹਿਤ ਸ਼ਰਮਾ ਕ੍ਰੀਜ਼ 'ਤੇ ਬਣੇ ਰਹੇ ਅਤੇ 21ਵੇਂ ਓਵਰ ਦੀ ਤੀਜੀ ਗੇਂਦ 'ਤੇ ਆਦਿਲ ਰਾਸ਼ਿਦ ਨੂੰ ਚੌਕਾ ਜੜ ਕੇ ਆਪਣੀਆਂ 47 ਦੌੜਾਂ ਪੂਰੀਆਂ ਕੀਤੀਆਂ। ਇਸ ਤਰ੍ਹਾਂ ਰੋਹਿਤ ਸ਼ਰਮਾ 18000 ਦੌੜਾਂ ਬਣਾਉਣ ਵਾਲੇ ਦੁਨੀਆ ਦੇ 15ਵੇਂ ਅਤੇ ਭਾਰਤ ਦੇ 5ਵੇਂ ਬੱਲੇਬਾਜ਼ ਬਣ ਗਏ ਹਨ। ਕਪਤਾਨ ਵਜੋਂ ਰੋਹਿਤ ਸ਼ਰਮਾ ਦਾ ਇਹ 100ਵਾਂ ਮੈਚ ਸੀ। ਉਸ ਨੇ ਸ਼ਾਨਦਾਰ ਰਿਕਾਰਡ ਬਣਾ ਕੇ ਇਸ ਮੈਚ ਨੂੰ ਹੋਰ ਯਾਦਗਾਰ ਬਣਾ ਦਿੱਤਾ ਹੈ। ਰੋਹਿਤ ਫਿਲਹਾਲ 48 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ।
ਰੋਹਿਤ ਸ਼ਰਮਾ ਨੇ 52 ਟੈਸਟ ਮੈਚਾਂ 'ਚ 3677 ਦੌੜਾਂ ਬਣਾਈਆਂ ਹਨ। ਰੋਹਿਤ ਨੇ 256 ਵਨਡੇ ਮੈਚਾਂ ਵਿੱਚ 10450 ਤੋਂ ਵੱਧ ਦੌੜਾਂ ਬਣਾਈਆਂ ਹਨ। ਉਸ ਨੇ ਟੀ-20 ਕ੍ਰਿਕਟ 'ਚ 148 ਮੈਚਾਂ 'ਚ 3853 ਦੌੜਾਂ ਬਣਾਈਆਂ ਹਨ। ਰੋਹਿਤ ਸ਼ਰਮਾ ਤਿੰਨੋਂ ਫਾਰਮੈਟਾਂ ਵਿੱਚ ਭਾਰਤ ਲਈ 18000 ਦੌੜਾਂ ਪੂਰੀਆਂ ਕਰਨ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਸੌਰਵ ਗਾਂਗੁਲੀ, ਵਿਰਾਟ ਕੋਹਲੀ, ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ 18000 ਅੰਤਰਰਾਸ਼ਟਰੀ ਦੌੜਾਂ ਬਣਾ ਚੁੱਕੇ ਹਨ।
ਅੰਤਰਰਾਸ਼ਟਰੀ ਕ੍ਰਿਕਟ ਵਿੱਚ 18000 ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਸੂਚੀ |
ਭਾਰਤ - ਸੌਰਵ ਗਾਂਗੁਲੀ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ, ਸਚਿਨ ਤੇਂਦੁਲਕਰ, ਰੋਹਿਤ ਸ਼ਰਮਾ |
ਨਿਊਜ਼ੀਲੈਂਡ - ਰੌਸ ਟੇਲਰ |
ਵੈਸਟਇੰਡੀਜ਼ - ਕ੍ਰਿਸ ਗੇਲ, ਸ਼ਿਵਨਾਰਾਇਣ ਚੰਦਰਪਾਲ, ਬ੍ਰਾਇਨ ਲਾਰਾ |
ਦੱਖਣੀ ਅਫਰੀਕਾ - ਹਾਸ਼ਿਮ ਅਮਲਾ, ਏਬੀ ਡਿਵਿਲੀਅਰਸ, ਜੈਕ ਕੈਲਿਸ |
ਸ਼੍ਰੀਲੰਕਾ -ਸਨਥ ਜੈਸੂਰੀਆ, ਮਹੇਲਾ ਜੈਵਰਧਨੇ, ਕੁਮਾਰ ਸੰਗਾਕਾਰਾ |