ਪੁਣੇ: ਭਾਰਤੀ ਟੀਮ ਦੇ ਸਰਵਸ੍ਰੇਸ਼ਠ ਆਲਰਾਊਂਡਰ ਰਵਿੰਦਰ ਜਡੇਜਾ ਆਈਸੀਸੀ ਵਿਸ਼ਵ ਕੱਪ 2023 ਵਿੱਚ ਧਮਾਲਾਂ ਮਚਾ ਰਹੇ ਹਨ। ਜਡੇਜਾ ਨੇ ਆਪਣੀ ਗੇਂਦਬਾਜ਼ੀ ਨਾਲੋਂ ਫੀਲਡਿੰਗ ਨਾਲ ਜ਼ਿਆਦਾ ਧਿਆਨ ਖਿੱਚਿਆ ਹੈ। ਉਸ ਨੇ ਵਿਸ਼ਵ ਕੱਪ 2023 ਦੇ 17ਵੇਂ ਮੈਚ ਵਿੱਚ ਬੰਗਲਾਦੇਸ਼ ਖ਼ਿਲਾਫ਼ ਹਵਾ ਵਿੱਚ ਉੱਡਦੇ ਹੋਏ ਸ਼ਾਨਦਾਰ ਕੈਚ ਲੈ ਕੇ ਹੈਰਾਨੀਜਨਕ ਪ੍ਰਦਰਸ਼ਨ ਕੀਤਾ। ਉਸ ਦੀ ਸ਼ਾਨਦਾਰ ਫੀਲਡਿੰਗ ਕਾਰਨ ਬੰਗਲਾਦੇਸ਼ ਨੇ ਆਪਣੇ ਸਭ ਤੋਂ ਤਜਰਬੇਕਾਰ ਬੱਲੇਬਾਜ਼ ਮੁਸ਼ਫਿਕੁਰ ਦਾ ਵਿਕਟ ਵੀ ਗੁਆ ਦਿੱਤਾ। ਇਸ ਕੈਚ ਦੇ ਬਾਅਦ ਤੋਂ ਜਡੇਜਾ ਦੇ ਕੈਚ ਦੀ ਵੀਡੀਓ ਅਤੇ ਕੈਚ ਤੋਂ ਬਾਅਦ ਉਨ੍ਹਾਂ ਦੀ ਪ੍ਰਤੀਕਿਰਿਆ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜਡੇਜਾ ਨੇ ਲਿਆ ਹੈਰਾਨੀਜਨਕ ਕੈਚ: ਤੁਹਾਨੂੰ ਦੱਸ ਦੇਈਏ ਕਿ ਪੁਣੇ ਵਿੱਚ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਜਦੋਂ ਬੰਗਲਾਦੇਸ਼ ਦੀ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਰਵਿੰਦਰ ਜਡੇਜਾ ਨੇ ਸੁਪਰਮੈਨ ਦਾ ਅਵਤਾਰ ਦਿਖਾਇਆ ਅਤੇ ਹਵਾ 'ਚ ਉਡਦੇ ਹੋਏ ਹੈਰਾਨੀਜਨਕ ਕੈਚ ਫੜਿਆ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਬੰਗਲਾਦੇਸ਼ ਦੀ ਪਾਰੀ ਦਾ 43ਵਾਂ ਓਵਰ ਸੁੱਟਣ ਲਈ ਆਏ। ਇਸ ਓਵਰ ਦੀ ਤੀਜੀ ਗੇਂਦ 'ਤੇ ਮੁਸ਼ਫਿਕੁਰ ਨੇ ਕਟਿੰਗ ਸ਼ਾਟ ਮਾਰਿਆ ਪਰ ਗੇਂਦ ਸਿੱਧੀ ਪੁਆਇੰਟ 'ਤੇ ਖੜ੍ਹੇ ਰਵਿੰਦਰ ਜਡੇਜਾ ਦੇ ਹੱਥਾਂ 'ਚ ਚਲੀ ਗਈ। ਉਨ੍ਹਾਂ ਨੇ ਡਾਈਵਿੰਗ ਕਰਕੇ ਇਹ ਅਸੰਭਵ ਜਾਪਦਾ ਕੈਚ ਫੜਿਆ ਅਤੇ 38 ਦੌੜਾਂ 'ਤੇ ਮੁਸ਼ਫਿਕੁਰ ਰਹੀਮ ਦੀ ਪਾਰੀ ਦਾ ਅੰਤ ਕਰ ਦਿੱਤਾ।