ਚੇਨਈ : ਚੇਪੌਕ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਮੈਚ 'ਚ ਆਸਟ੍ਰੇਲੀਆ ਦੀ ਟੀਮ 199 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਮੈਚ 'ਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਕੰਗਾਰੂਆਂ ਨੂੰ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਕੋਈ ਸਫਲਤਾ ਨਹੀਂ ਮਿਲੀ ਅਤੇ ਪੂਰੀ ਟੀਮ 49.3 ਓਵਰਾਂ 'ਚ ਸਿਰਫ 199 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਆਰ ਅਸ਼ਵਿਨ ਦੀ ਭਾਰਤੀ ਸਪਿਨ ਤਿਕੜੀ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਆਪਣੀ ਸਪਿਨ ਵਿੱਚ ਫਸਾ ਕੇ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ। ਭਾਰਤੀ ਸਪਿਨਰਾਂ ਪੂਰੀ ਤਰ੍ਹਾਂ ਆਸਟ੍ਰੇਲੀਆਈ ਬੱਲੇਬਾਜ਼ਾਂ 'ਤੇ ਹਾਵੀ ਰਹੇ।
ਟੀਮ ਇੰਡੀਆ ਦੀ ਰਣਨੀਤੀ ਹੋਈ ਸਫਲ:ਚੇਪੌਕ ਦੀ ਘੁੰਮਦੀ ਪਿੱਚ ਦੀ ਸਹੀ ਭਵਿੱਖਬਾਣੀ ਕਰਦੇ ਹੋਏ ਟੀਮ ਇੰਡੀਆ ਨੇ 3 ਸਪਿਨਰਾਂ ਦੇ ਨਾਲ ਮੈਚ 'ਚ ਉਤਰਨ ਦਾ ਫੈਸਲਾ ਕੀਤਾ। ਟੀਮ ਮੈਨੇਜਮੈਂਟ ਦਾ ਇਹ ਫੈਸਲਾ ਬਿਲਕੁੱਲ ਸਹੀ ਸਾਬਤ ਹੋਇਆ ਅਤੇ ਭਾਰਤੀ ਸਪਿਨਰਾਂ ਨੇ 6 ਵਿਕਟਾਂ ਲੈ ਕੇ ਆਸਟ੍ਰੇਲੀਆਈ ਬੱਲੇਬਾਜ਼ੀ ਲਾਈਨ ਅੱਪ ਨੂੰ ਤਬਾਹ ਕਰ ਦਿੱਤਾ। ਆਸਟਰੇਲੀਆ ਦੇ ਪੰਜ ਬੱਲੇਬਾਜ਼ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਵਿਚਕਾਰਲੇ ਓਵਰਾਂ 'ਚ ਸਪਿਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਭਾਰਤ ਨੇ ਆਸਟ੍ਰੇਲੀਆ ਨੂੰ 200 ਤੋਂ ਘੱਟ ਦੇ ਸਕੋਰ 'ਤੇ ਆਲ ਆਊਟ ਕਰ ਦਿੱਤਾ।