ਅਹਿਮਦਾਬਾਦ: ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਐਤਵਾਰ 19 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ ਖੇਡੇ ਗਏ ਦੂਜੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਦੱਖਣੀ ਅਫਰੀਕਾ ਨੂੰ ਕਰੀਬੀ ਮੈਚ 'ਚ ਹਰਾ ਕੇ ਰਿਕਾਰਡ 8ਵੀਂ ਵਾਰ ਫਾਈਨਲ 'ਚ ਪ੍ਰਵੇਸ਼ ਕੀਤਾ।
ਟੀਮ ਇੰਡੀਆ ਦੀ ਨਜ਼ਰ ਇਸ ਮੈਚ 'ਚ ਆਸਟ੍ਰੇਲੀਆ ਨੂੰ ਹਰਾ ਕੇ 2003 ਦੇ ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈਣ 'ਤੇ ਟਿਕੀ ਹੋਈ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਰਿਕਾਰਡ ਛੇਵੀਂ ਵਾਰ ਖਿਤਾਬ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗਾ। ਦੋਵੇਂ ਟੀਮਾਂ ਤਾਕਤਵਰ ਹਨ, ਇਸ ਲਈ ਕ੍ਰਿਕਟ ਪ੍ਰਸ਼ੰਸਕਾਂ ਨੂੰ ਅਹਿਮਦਾਬਾਦ ਵਿੱਚ ਸਖ਼ਤ ਮੁਕਾਬਲਾ ਦੇਖਣ ਨੂੰ ਮਿਲੇਗਾ। ਬੀਸੀਸੀਆਈ ਵੀ ਇਸ ਸ਼ਾਨਦਾਰ ਮੈਚ ਨੂੰ ਯਾਦਗਾਰ ਬਣਾਉਣ ਲਈ ਵਿਸ਼ੇਸ਼ ਤਿਆਰੀਆਂ ਕਰ ਰਿਹਾ ਹੈ।
ਏਅਰ ਸ਼ੋਅ ਦਾ ਹੋਵੇਗਾ ਆਯੋਜਨ: ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਵਿਸ਼ਵ ਕੱਪ 2023 ਦੇ ਫਾਈਨਲ 'ਚ ਭਾਰਤੀ ਹਵਾਈ ਸੈਨਾ ਦੀ 'ਸੂਰਿਆ ਕਿਰਨ ਐਰੋਬੈਟਿਕ ਟੀਮ' ਏਅਰ ਸ਼ੋਅ ਪੇਸ਼ ਕਰੇਗੀ। ਇਹ ਟੀਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਵਾਲੇ ਮੈਗਾ ਮੈਚ ਤੋਂ 10 ਮਿੰਟ ਪਹਿਲਾਂ ਹਵਾ 'ਚ ਸਟੰਟ ਕਰ ਕੇ ਦਰਸ਼ਕਾਂ ਨੂੰ ਰੋਮਾਂਚਿਤ ਕਰੇਗੀ।