ਕੇਪਟਾਊਨ: 8ਵਾਂ ਮਹਿਲਾ ਟੀ-20 ਵਿਸ਼ਵ ਕੱਪ ਰੋਮਾਂਚਕ ਦੌਰ ਵਿੱਚ ਪਹੁੰਚ ਗਿਆ ਹੈ। ਸੈਮੀਫਾਈਨਲ 'ਚ ਜਗ੍ਹਾ ਬਣਾਉਣ ਲਈ ਭਾਰਤੀ ਟੀਮ ਦਾ ਸਾਹਮਣਾ ਅੱਜ ਆਇਰਲੈਂਡ ਨਾਲ ਹੋਵੇਗਾ। ਭਾਰਤ ਬਨਾਮ ਆਇਰਲੈਂਡ ਵਿਚਾਲੇ ਮੈਚ ਸੇਂਟ ਜਾਰਜ ਪਾਰਕ ਗੇਕੇਬੇਰਾ ਵਿਖੇ ਸ਼ਾਮ 6:30 ਵਜੇ ਖੇਡਿਆ ਜਾਵੇਗਾ। ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਵਿੱਚ ਹੁਣ ਤੱਕ ਦੋ ਮੈਚ ਜਿੱਤ ਚੁੱਕੀ ਹੈ। ਭਾਰਤ ਨੂੰ 18 ਫਰਵਰੀ ਨੂੰ ਇੰਗਲੈਂਡ ਖਿਲਾਫ ਖੇਡੇ ਗਏ ਮੈਚ 'ਚ 11 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਿਸ਼ਵ ਰੈਂਕਿੰਗ 'ਚ ਭਾਰਤੀ ਮਹਿਲਾ ਟੀਮ ਚੌਥੇ ਨੰਬਰ 'ਤੇ ਹੈ ।ਇਸ ਦੇ ਨਾਲ ਹੀ ਆਇਰਲੈਂਡ ਦੀ ਟੀਮ 10ਵੇਂ ਸਥਾਨ 'ਤੇ ਹੈ। ਭਾਰਤ ਅਤੇ ਆਇਰਲੈਂਡ (IND ਬਨਾਮ IRE) ਵਿਚਕਾਰ ਹੁਣ ਤੱਕ ਇੱਕ ਮੈਚ ਖੇਡਿਆ ਗਿਆ ਹੈ। ਇਸ ਮੈਚ ਵਿੱਚ ਭਾਰਤ ਨੇ ਆਇਰਲੈਂਡ ਨੂੰ 52 ਦੌੜਾਂ ਨਾਲ ਹਰਾਇਆ ਸੀ। ਦੋਵੇਂ ਟੀਮਾਂ 15 ਨਵੰਬਰ 2018 ਨੂੰ ਮਹਿਲਾ ਵਿਸ਼ਵ ਕੱਪ ਵਿੱਚ ਇੱਕ-ਦੂਜੇ ਨਾਲ ਆਹਮੋ-ਸਾਹਮਣੇ ਹੋਈਆਂ ਸਨ। ਇਸ ਮੈਚ 'ਚ ਮਿਤਾਲੀ ਰਾਜ ਨੇ 56 ਗੇਂਦਾਂ 'ਚ 51 ਦੌੜਾਂ ਬਣਾਈਆਂ ਸਨ ਅਤੇ ਉਸ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ ਸੀ। ਜੇਕਰ ਪਿਛਲੇ ਪੰਜ ਟੀ-20 ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਨੇ ਤਿੰਨ ਜਿੱਤੇ ਹਨ ਅਤੇ ਦੋ ਹਾਰੇ ਹਨ। ਆਇਰਲੈਂਡ ਦੀ ਟੀਮ ਪਿਛਲੇ ਪੰਜ ਮੈਚਾਂ ਵਿੱਚੋਂ ਸਿਰਫ਼ ਇੱਕ ਹੀ ਜਿੱਤ ਸਕੀ ਹੈ।