ਦੁਬਈ: ਅਗਲੇ ਸਾਲ 4 ਮਾਰਚ ਤੋਂ ਨਿਊਜ਼ੀਲੈਂਡ (Women world cup in New zealand) ਵਿੱਚ ਸ਼ੁਰੂ ਹੋ ਰਹੇ ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਭਾਰਤ ਆਪਣਾ ਪਹਿਲਾ ਮੈਚ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਖੇਡੇਗਾ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਮੇਜ਼ਬਾਨ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਖੇਡਿਆ ਜਾਵੇਗਾ, ਜਿਸ ਤੋਂ ਬਾਅਦ ਦੋ ਅਹਿਮ ਮੈਚ ਹੋਣਗੇ, ਜਿਸ 'ਚ ਧੁਰ ਵਿਰੋਧੀ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਆਸਟਰੇਲੀਆ 5 ਮਾਰਚ ਨੂੰ ਹੈਮਿਲਟਨ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਭਿੜੇਗਾ ਜਦੋਂਕਿ 6 ਮਾਰਚ ਨੂੰ ਭਾਰਤ ਦਾ ਟੌਰੰਗਾ ਵਿੱਚ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ (India vs Pak at Toranga)। ਇਹ ਟੂਰਨਾਮੈਂਟ 31 ਦਿਨਾਂ ਤੱਕ ਚੱਲੇਗਾ ਜਿਸ ਵਿੱਚ ਕੁੱਲ 31 ਮੈਚ ਖੇਡੇ ਜਾਣਗੇ ਅਤੇ ਅੱਠ ਟੀਮਾਂ ਵਿਸ਼ਵ ਕੱਪ ਟਰਾਫੀ ਲਈ ਇੱਕ ਦੂਜੇ ਨਾਲ ਭਿੜਨਗੀਆਂ। ਟੂਰਨਾਮੈਂਟ ਦੀ ਮੇਜ਼ਬਾਨੀ ਛੇ ਸ਼ਹਿਰਾਂ ਆਕਲੈਂਡ, ਕ੍ਰਾਈਸਟਚਰਚ, ਡੁਨੇਡਿਨ, ਹੈਮਿਲਟਨ, ਟੌਰੰਗਾ ਅਤੇ ਵੈਲਿੰਗਟਨ ਦੁਆਰਾ ਕੀਤੀ ਜਾਵੇਗੀ।
ਆਸਟਰੇਲੀਆ, ਇੰਗਲੈਂਡ, ਦੱਖਣੀ ਅਫਰੀਕਾ ਅਤੇ ਭਾਰਤ ਨੇ ਆਈਸੀਸੀ ਮਹਿਲਾ ਚੈਂਪੀਅਨਸ਼ਿਪ 2017-20 ਵਿੱਚ ਆਪਣੀ ਬਿਹਤਰ ਸਥਿਤੀ ਦੇ ਆਧਾਰ ’ਤੇ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ, ਜਦੋਂ ਕਿ ਮੇਜ਼ਬਾਨ ਹੋਣ ਦੇ ਨਾਤੇ ਨਿਊਜ਼ੀਲੈਂਡ ਨੇ ਆਪਣੇ ਆਪ ਹੀ ਟੂਰਨਾਮੈਂਟ ਵਿੱਚ ਜਗ੍ਹਾ ਬਣਾ ਲਈ।