ਨਵੀਂ ਦਿੱਲੀ:ਟੀ-20 ਵਿਸ਼ਵ ਕੱਪ 2024 ਇੱਕ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਟੀ-20 ਟੀਮ 'ਚ ਸ਼ਾਮਲ ਕਰਨ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ ਹੈ। ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿਤ ਅਤੇ ਵਿਰਾਟ ਭਾਰਤੀ ਟੀ-20 ਟੀਮ 'ਚ ਵਾਪਸੀ ਕਰ ਸਕਦੇ ਹਨ। ਰੋਹਿਤ ਆਉਣ ਵਾਲੇ ਟੀ-20 ਵਿਸ਼ਵ ਕੱਪ 'ਚ ਟੀਮ ਦੀ ਕਪਤਾਨੀ ਕਰਦੇ ਨਜ਼ਰ ਆ ਸਕਦੇ ਹਨ, ਜਦਕਿ ਵਿਰਾਟ ਤੀਜੇ ਨੰਬਰ 'ਤੇ ਟੀਮ ਨੂੰ ਮਜ਼ਬੂਤ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਜੇਕਰ ਕੁਝ ਹੋਰ ਰਿਪੋਰਟਾਂ ਦੀ ਮੰਨੀਏ ਤਾਂ ਚੋਣਕਾਰ ਅਤੇ ਬੀਸੀਸੀਆਈ ਟੀ-20 ਵਿਸ਼ਵ ਕੱਪ 2024 ਵਿੱਚ ਰੋਹਿਤ ਸ਼ਰਮਾ ਨੂੰ ਹੀ ਖਿਡਾਉਣਾ ਚਾਹੁੰਦੇ ਹਨ। ਉਹ ਵਿਰਾਟ ਕੋਹਲੀ ਨੂੰ ਟੀ-20 ਟੀਮ 'ਚ ਸ਼ਾਮਲ ਨਹੀਂ ਕਰਨਾ ਚਾਹੁੰਦੀ।
ਇਨ੍ਹਾਂ ਦੋਵਾਂ ਨੂੰ ਲੈ ਕੇ ਕਈ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦਰਅਸਲ, ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਸਾਲ 2022 'ਚ ਹੋਏ ਟੀ-20 ਵਿਸ਼ਵ ਕੱਪ 'ਚ ਰੋਹਿਤ ਦੀ ਕਪਤਾਨੀ 'ਚ ਟੀਮ ਇੰਡੀਆ ਸੈਮੀਫਾਈਨਲ 'ਚ ਇੰਗਲੈਂਡ ਤੋਂ 10 ਵਿਕਟਾਂ ਨਾਲ ਹਾਰ ਗਈ ਸੀ। ਇਸ ਤੋਂ ਬਾਅਦ ਨਵੀਂ ਅਤੇ ਨੌਜਵਾਨ ਟੀ-20 ਟੀਮ ਬਣਾਉਣ ਲਈ ਰੋਹਿਤ, ਵਿਰਾਟ, ਰਾਹੁਲ, ਦਿਨੇਸ਼ ਕਾਰਤਿਕ, ਅਸ਼ਵਿਨ ਵਰਗੇ ਕਈ ਸੀਨੀਅਰ ਖਿਡਾਰੀਆਂ ਨੂੰ ਟੀ-20 ਟੀਮ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਹਾਰਦਿਕ ਪੰਡਯਾ ਨੂੰ ਟੀ-20 ਦੀ ਕਪਤਾਨੀ ਸੌਂਪੀ ਗਈ ਅਤੇ ਸੂਰਿਆ ਵੀ ਟੀ-20 ਟੀਮ ਦੀ ਕਪਤਾਨੀ ਕਰਦੇ ਨਜ਼ਰ ਆਏ।
ਹੁਣ ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਰੋਹਿਤ ਅਤੇ ਵਿਰਾਟ ਦੀ ਟੀਮ 'ਚ ਵਾਪਸੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ। ਇਹ ਵਿਸ਼ਵ ਕੱਪ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਕਰਵਾਇਆ ਜਾਣਾ ਹੈ, ਇਸ ਲਈ ਇੱਥੋਂ ਦੀਆਂ ਪਿੱਚਾਂ 'ਤੇ ਇਨ੍ਹਾਂ ਦੋ ਤਜ਼ਰਬੇਕਾਰ ਬੱਲੇਬਾਜ਼ਾਂ ਦਾ ਹੋਣਾ ਟੀਮ ਲਈ ਫਾਇਦੇਮੰਦ ਹੋ ਸਕਦਾ ਹੈ। ਅਜਿਹੇ 'ਚ ਇਹ ਦੋਵੇਂ ਖਿਡਾਰੀ 11 ਜਨਵਰੀ ਤੋਂ ਅਫਗਾਨਿਸਤਾਨ ਖਿਲਾਫ ਹੋਣ ਵਾਲੀ ਤਿੰਨ ਟੀ-20 ਮੈਚਾਂ ਦੀ ਸੀਰੀਜ਼ 'ਚ ਵਾਪਸੀ ਕਰ ਸਕਦੇ ਹਨ।
ਇਨ੍ਹਾਂ ਦੋਵਾਂ ਦੀ ਵਾਪਸੀ ਦੇ ਸੰਕੇਤ ਕਿਵੇਂ ਸਾਹਮਣੇ ਆਏ?
- ਵਨਡੇ ਵਿਸ਼ਵ ਕੱਪ 2023 ਵਿੱਚ ਦੋਵਾਂ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ, ਉਨ੍ਹਾਂ ਦੀ ਵਾਪਸੀ ਦਾ ਮੁੱਖ ਕਾਰਨ ਹੈ।
- ਬੀਸੀਸੀਆਈ ਦੇ ਕਈ ਅਧਿਕਾਰੀਆਂ ਨੇ ਟੀ-20 ਵਿਸ਼ਵ ਕੱਪ 2024 ਵਿੱਚ ਇਨ੍ਹਾਂ ਦੋਵਾਂ ਦੀ ਵਾਪਸੀ ਦੀ ਗੱਲ ਕੀਤੀ ਹੈ।
- ਚੋਣਕਾਰ ਅਜੀਤ ਅਗਰਕਰ ਨੇ ਦੱਖਣੀ ਅਫਰੀਕਾ ਜਾ ਕੇ ਇਨ੍ਹਾਂ ਦੋਵਾਂ ਨਾਲ ਟੀ-20 ਕ੍ਰਿਕਟ 'ਚ ਵਾਪਸੀ ਕਰਨ ਬਾਰੇ ਗੱਲ ਕੀਤੀ।
- ਸਿਰਫ 4 ਦਿਨ ਬਾਕੀ ਹਨ ਅਤੇ ਅਫਗਾਨਿਸਤਾਨ ਖਿਲਾਫ ਸੀਰੀਜ਼ ਲਈ ਅਜੇ ਤੱਕ ਟੀਮ ਇੰਡੀਆ ਦਾ ਐਲਾਨ ਨਹੀਂ ਕੀਤਾ ਗਿਆ ਹੈ।
- ਇਸ ਦੇ ਨਾਲ ਹੀ ਇਕ ਸਾਬਕਾ ਰਾਸ਼ਟਰੀ ਚੋਣਕਾਰ ਨੇ ਗੁਪਤਤਾ ਦੀ ਸ਼ਰਤ 'ਤੇ ਪੀਟੀਆਈ ਨੂੰ ਦੱਸਿਆ ਕਿ ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ 'ਚ ਹੀ ਟਾੱਪ 5 'ਚ ਇੱਕ ਖੱਬੇ ਹੱਥ ਦਾ ਬੱਲੇਬਾਜ਼ ਖੇਡ ਸਕਦਾ ਹੈ। ਰੋਹਿਤ, ਸ਼ੁਭਮਨ, ਵਿਰਾਟ, ਸੂਰਿਆਕੁਮਾਰ ਅਤੇ ਹਾਰਦਿਕ ਟਾੱਪ ਪੰਜ ਵਿੱਚ ਹੋਣਗੇ। ਇਸ ਲਈ ਈਸ਼ਾਨ ਕਿਸ਼ਨ ਅਤੇ ਯਸ਼ਸਵੀ ਜੈਸਵਾਲ ਨੂੰ ਬਾਹਰ ਹੋਣਾ ਪਵੇਗਾ। ਕੀ ਅਜੀਤ ਅਗਰਕਰ ਅਜਿਹਾ ਫੈਸਲਾ ਲੈ ਸਕਦਾ ਹੈ?