ਨਵੀਂ ਦਿੱਲੀ: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਦੋ ਮੈਚ ਖੇਡੇ ਗਏ ਹਨ। ਇਹ ਦੋਵੇਂ ਮੈਚ ਜਿੱਤ ਕੇ ਭਾਰਤ ਨੇ ਸੀਰੀਜ਼ 'ਚ 2-0 ਨਾਲ ਅੱਗੇ ਹੈ।ਭਾਵੇਂ ਕਿ ਭਾਰਤੀ ਟੀਮ ਵੱਲੋਂ 2 ਮੈਚ ਜਿੱਤ ਲਏ ਗਏ ਹਨ, ਪਰ ਫਿਰ ਵੀ ਕੁੱਝ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਤੋਂ ਇਲਾਵਾ ਇਹ ਸਵਾਲ ਵੀ ਹਾਲੇ ਤੱਕ ਬਰਕਰਾਰ ਹੈ ਕਿ ਹੈ ਕਿ ਰੋਹਿਤ ਸ਼ਰਮਾ ਨਾਲ ਓਪਨਿੰਗ ਕੌਣ ਕਰੇਗਾ। ਇਹ ਸਵਾਲ ਇਸ ਲਈ ਉੱਠ ਰਿਹਾ ਹੈ ਕਿ ਕੇਐੱਲ ਰਾਹੁਲ ਪਿਛਲੇ ਦੋ ਟੈਸਟਾਂ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਅਸਫ਼ਲ ਰਹੇ ਹਨ। ਉਸ ਦੀ ਅਸਫ਼ਲਤਾ ਦੇ ਕਾਰਨ ਉਸ ਦੀ ਕਪਤਾਨੀ ਵੀ ਚਲੀ ਗਈ। ਹੁਣ ਤੀਜੇ ਮੈਚ 'ਚ ਉਸ ਦੇ ਖੇਡਣ 'ਤੇ ਸ਼ੱਕ ਹੈ। ਉਸ ਦੀ ਜਗ੍ਹਾ ਰੋਹਿਤ ਸ਼ਰਮਾ ਦੇ ਨਾਲ ਇੰਦੌਰ 'ਚ ਓਪਨਿੰਗ ਪਾਰਟਨਰ ਕੌਣ ਹੋਵੇਗਾ, ਇਹ ਟੀਮ ਪ੍ਰਬੰਧਕਾਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਸ਼ੁਭਮਨ ਗਿੱਲ ਇਕਲੌਤੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੂੰ ਟੈਸਟ ਵਿੱਚ ਓਪਨਿੰਗ ਕਰਨ ਦਾ ਤਜਰਬਾ ਹੈ। ਉਹ ਤੀਜੇ ਟੈਸਟ 'ਚ ਭਾਰਤ ਦਾ ਸਲਾਮੀ ਬੱਲੇਬਾਜ਼ ਬਣ ਸਕਦਾ ਹੈ।
ਸ਼ੁਭਮਨ ਗਿੱਲ ਦਾ ਟੈਸਟ ਰਿਕਾਰਡ: ਸ਼ੁਭਮਨ ਗਿੱਲ ਨੇ 26 ਮਹੀਨੇ ਪਹਿਲਾਂ 26 ਦਸੰਬਰ 2020 ਨੂੰ ਮੈਲਬੌਰਨ ਵਿੱਚ ਆਸਟ੍ਰੇਲੀਆ ਵਿਰੁੱਧ ਆਪਣਾ ਟੈਸਟ ਡੈਬਿਊ ਕੀਤਾ ਸੀ। ਭਾਰਤ ਨੇ ਇਹ ਮੈਚ ਅੱਠ ਵਿਕਟਾਂ ਨਾਲ ਜਿੱਤ ਲਿਆ ਸੀ। ਗਿੱਲ ਨੇ ਮਯੰਕ ਅਗਰਵਾਲ ਨਾਲ ਪਾਰੀ ਦੀ ਸ਼ੁਰੂਆਤ ਕੀਤੀ। ਮੈਚ ਦੀ ਪਹਿਲੀ ਪਾਰੀ ਵਿੱਚ ਗਿੱਲ ਨੇ 65 ਗੇਂਦਾਂ ਵਿੱਚ 45 ਦੌੜਾਂ ਬਣਾਈਆਂ। ਉਸ ਨੇ ਪਾਰੀ 'ਚ 8 ਚੌਕੇ ਲਗਾਏ। ਸ਼ੁਭਮਨ ਨੇ ਦੂਜੀ ਪਾਰੀ ਵਿੱਚ ਅਜੇਤੂ 35 ਦੌੜਾਂ ਬਣਾਈਆਂ। ਸ਼ੁਭਮਨ ਨੇ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਕੁੱਲ 80 ਦੌੜਾਂ ਬਣਾਈਆਂ।ਕਾਬਲੇਜ਼ਿਕਰ ਹੈ ਕਿ ਗਿੱਲ ਨੇ ਹੁਣ ਤੱਕ 13 ਟੈਸਟ ਮੈਚ ਖੇਡੇ ਹਨ। ਇਨ੍ਹਾਂ ਵਿੱਚ ਸ਼ੁਭਮਨ ਨੇ 25 ਪਾਰੀਆਂ 'ਚ 736 ਦੌੜਾਂ ਬਣਾਈਆਂ ਹਨ।