ਨਵੀਂ ਦਿੱਲੀ:ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪੋਰਟ ਆਫ ਸਪੇਨ ਕ੍ਰਿਕਟ ਸਟੇਡੀਅਮ 'ਚ ਖੇਡੇ ਜਾ ਰਹੇ ਦੂਜੇ ਟੈਸਟ ਦੇ ਆਖਰੀ ਅਤੇ 5ਵੇਂ ਦਿਨ ਕਿੰਗ ਕੋਹਲੀ ਨੇ ਵੈਸਟਇੰਡੀਜ਼ ਪ੍ਰਸ਼ੰਸਕਾਂ ਨੂੰ ਆਪਣਾ ਫੈਨ ਬਣਾਇਆ। ਕੋਹਲੀ ਨੇ ਮੈਦਾਨ 'ਚ ਆਪਣੇ ਬੱਲੇ ਨਾਲ ਤਬਾਹੀ ਮਚਾਈ। ਪਰ ਇਸ ਵਾਰ ਵਿੰਡੀਜ਼ ਦੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਦਾ ਕਾਰਨ ਕੋਹਲੀ ਦੀ ਸ਼ਾਨਦਾਰ ਬੱਲੇਬਾਜ਼ੀ ਨਹੀਂ ਸਗੋਂ ਕੁਝ ਹੋਰ ਹੈ। ਕੋਹਲੀ ਨੂੰ ਵੀ ਕਈ ਵਾਰ ਮੈਦਾਨ 'ਤੇ ਹਮਲਾਵਰ ਹੁੰਦੇ ਦੇਖਿਆ ਗਿਆ ਹੈ ਅਤੇ ਇਸ ਕਾਰਨ ਉਹ ਵਿਵਾਦਾਂ 'ਚ ਘਿਰ ਜਾਂਦੇ ਹਨ। ਇਸ ਵਾਰ ਕੋਹਲੀ ਆਪਣੀ ਨਿਮਰਤਾ ਕਾਰਨ ਕਾਫੀ ਸੁਰਖੀਆਂ ਬਟੋਰ ਰਹੇ ਹਨ।
ਕੋਹਲੀ ਨੇ ਜਿੱਤਿਆ ਦਿਲ : ਕੋਹਲੀ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਹੀ ਹੈ। ਇਸ ਤਸਵੀਰ 'ਚ ਕੋਹਲੀ ਬੱਲੇ 'ਤੇ ਆਪਣਾ ਆਟੋਗ੍ਰਾਫ ਦਿੰਦੇ ਨਜ਼ਰ ਆ ਰਹੇ ਹਨ। ਕੋਹਲੀ ਨੇ ਪੋਰਟ ਆਫ ਸਪੇਨ ਮਿਊਜ਼ੀਅਮ ਲਈ ਬੱਲੇ ਉੱਤੇ ਆਟੋਗ੍ਰਾਫ ਦੇ ਕੇ ਆਪਣੀ ਨਿਮਰਤਾ ਦਿਖਾਈ ਹੈ। ਕਿਉਂਕਿ ਮੀਂਹ ਕਾਰਨ ਵੈਸਟਇੰਡੀਜ਼ ਖਿਲਾਫ ਦੂਜੇ ਟੈਸਟ ਦੇ 5ਵੇਂ ਦਿਨ ਮੈਚ ਡਰਾਅ ਹੋ ਗਿਆ ਸੀ। ਪਰ ਇਸ ਤੋਂ ਬਾਅਦ ਵੀ ਕੋਹਲੀ ਆਪਣਾ ਹਲੀਮੀ ਭਰਿਆ ਅੰਦਾਜ਼ ਦਿਖਾਉਣ ਤੋਂ ਪਿੱਛੇ ਨਹੀਂ ਹਟੇ।
ਕੋਹਲੀ ਨੇ ਪੋਰਟ ਆਫ ਸਪੇਨ ਮਿਊਜ਼ੀਅਮ ਨੂੰ ਯਾਦਗਾਰੀ ਚਿੰਨ੍ਹ ਵੱਜੋਂ ਦਿੱਤੇ ਜਾਣ ਵਾਲੇ ਬੱਲੇ ਉੱਤੇ ਆਟੋਗ੍ਰਾਫ ਦਿੱਤਾ। ਕੋਹਲੀ ਦਾ ਇਹ ਅੰਦਾਜ਼ ਵੈਸਟਇੰਡੀਜ਼ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। ਇਸ ਦੇ ਲਈ ਪ੍ਰਸ਼ੰਸਕਾਂ ਨੇ ਵਾਇਰਲ ਤਸਵੀਰ 'ਤੇ ਕਮੈਂਟ ਕਰਕੇ ਕੋਹਲੀ ਦੀ ਕਾਫੀ ਤਾਰੀਫ ਕੀਤੀ ਹੈ। ਦੂਜੇ ਟੈਸਟ ਦੀ ਪਹਿਲੀ ਪਾਰੀ ਵਿੱਚ ਕੋਹਲੀ ਨੇ ਸ਼ਾਨਦਾਰ ਸੈਂਕੜਾ ਜੜਦਿਆਂ 206 ਗੇਂਦਾਂ ਵਿੱਚ 121 ਦੌੜਾਂ ਬਣਾਈਆਂ। ਇਸ ਕਾਰਨ ਉਨ੍ਹਾਂ ਦੀ ਕਾਫੀ ਤਾਰੀਫ ਵੀ ਹੋਈ।
ਦੂਜਾ ਟੈਸਟ ਮੈਚ ਡਰਾਅ :ਵੈਸਟਇੰਡੀਜ਼ ਅਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ 'ਚ ਮੀਂਹ ਰੁਕਾਵਟ ਬਣ ਗਿਆ। ਸੋਮਵਾਰ 24 ਜੁਲਾਈ ਨੂੰ ਦੂਜੇ ਟੈਸਟ ਮੈਚ ਦੇ 5ਵੇਂ ਦਿਨ ਦੀ ਖੇਡ ਖੇਡੀ ਜਾਣੀ ਸੀ। ਪਰ ਮੀਂਹ ਇਸ ਮੈਚ 'ਤੇ ਤਬਾਹੀ ਬਣ ਕੇ ਉਭਰਿਆ ਅਤੇ ਇਕ ਵੀ ਗੇਂਦ ਨਹੀਂ ਖੇਡੀ ਗਈ। ਇਹ ਮੈਚ ਡਰਾਅ 'ਤੇ ਹੀ ਖਤਮ ਹੋਇਆ। ਇਸ ਮੈਚ ਵਿੱਚ ਭਾਰਤੀ ਟੀਮ ਜਿੱਤ ਦੇ ਨੇੜੇ ਸੀ। ਇਸ ਤਰ੍ਹਾਂ ਟੀਮ ਇੰਡੀਆ ਨੇ ਇਹ ਟੈਸਟ ਸੀਰੀਜ਼ 1-0 ਨਾਲ ਜਿੱਤ ਲਈ ਹੈ। ਕਿਉਂਕਿ ਇਸ ਤੋਂ ਪਹਿਲਾਂ ਭਾਰਤ ਨੇ ਵੈਸਟਇੰਡੀਜ਼ ਖਿਲਾਫ ਡੋਮਿਨਿਕਾ 'ਚ ਪਹਿਲਾ ਟੈਸਟ 141ਦੌੜਾਂ ਨਾਲ ਜਿੱਤਿਆ ਸੀ। ਹੁਣ 27 ਜੁਲਾਈ ਤੋਂ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਦੂਜੇ ਟੈਸਟ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ 365 ਦੌੜਾਂ ਦਾ ਟੀਚਾ ਦਿੱਤਾ ਸੀ। 23 ਜੁਲਾਈ ਨੂੰ ਖੇਡ ਖਤਮ ਹੋਣ ਤੱਕ ਵਿੰਡੀਜ਼ ਨੇ 2 ਵਿਕਟਾਂ 'ਤੇ 76 ਦੌੜਾਂ ਬਣਾ ਲਈਆਂ ਸਨ। ਇਸ ਕਾਰਨ ਵੈਸਟਇੰਡੀਜ਼ ਨੂੰ ਮੈਚ ਦੇ 5ਵੇਂ ਦਿਨ 289 ਦੌੜਾਂ ਦੀ ਲੋੜ ਸੀ। ਇਸ ਤੋਂ ਇਲਾਵਾ ਭਾਰਤ ਨੂੰ ਜਿੱਤ ਲਈ ਸਿਰਫ਼ 8 ਵਿਕਟਾਂ ਲੈਣੀਆਂ ਸਨ। ਪਰ ਮੀਂਹ ਨੇ ਮੈਚ ਨੂੰ ਬਰਬਾਦ ਕਰ ਦਿੱਤਾ।