ਦੁਬਈ: ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਮੈਚ 'ਚ ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 106 ਦੌੜਾਂ ਬਣਾਈਆਂ। ਡਕਵਰਥ ਲੁਈਸ ਨਿਯਮ ਦੇ ਤਹਿਤ ਭਾਰਤ ਨੂੰ 102 ਦੌੜਾਂ ਦਾ ਟੀਚਾ ਮਿਲਿਆ ਅਤੇ ਟੀਮ ਇੰਡੀਆ ਨੇ ਇੱਕ ਵਿਕਟ ਗੁਆ ਕੇ ਇਸ ਨੂੰ ਹਾਸਲ ਕਰ ਲਿਆ।
ਤੁਹਾਨੂੰ ਦੱਸ ਦੇਈਏ ਕਿ ਮੀਂਹ ਕਾਰਨ ਇਹ ਮੈਚ 38 ਓਵਰਾਂ ਦਾ ਹੋ ਗਿਆ ਸੀ। ਇਸ ਮੈਚ 'ਚ ਸ਼੍ਰੀਲੰਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੀ ਪਹਿਲੀ ਵਿਕਟ 3 ਦੌੜਾਂ 'ਤੇ ਡਿੱਗ ਗਈ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਦੀਆਂ ਵਿਕਟਾਂ ਲਗਾਤਾਰ ਅੰਤਰਾਲਾਂ 'ਤੇ ਡਿੱਗਦੀਆਂ ਰਹੀਆਂ ਅਤੇ ਅੰਤ ਵਿੱਚ ਇਹ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 106 ਦੌੜਾਂ ਹੀ ਬਣਾ ਸਕੀ। ਮੀਂਹ ਕਾਰਨ ਇਸ ਮੈਚ ਦੇ 12 ਓਵਰ ਘਟਾਏ ਗਏ। ਜੇਕਰ ਅਜਿਹਾ ਨਾ ਹੁੰਦਾ ਤਾਂ ਸ਼੍ਰੀ ਲੰਕਾ ਲਈ ਪੂਰੇ 50 ਓਵਰ ਖੇਡਣਾ ਮੁਸ਼ਕਲ ਹੋ ਜਾਣਾ ਸੀ।
ਫਾਈਨਲ ਮੈਚ 'ਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼੍ਰੀਲੰਕਾਈ ਟੀਮ ਨੂੰ 106 ਦੌੜਾਂ 'ਤੇ ਰੋਕ ਦਿੱਤਾ। ਭਾਰਤ ਲਈ ਵਿੱਕੀ ਓਸਤਵਾਲ ਨੇ ਤਿੰਨ, ਕੌਸ਼ਲ ਤਾਂਬੇ ਨੇ 2 ਅਤੇ ਰਾਜ ਬਾਵਾ, ਰਵੀ ਕੁਮਾਰ, ਰਾਜਵਰਧਨ ਨੇ ਇੱਕ-ਇੱਕ ਵਿਕਟ ਲਈ। ਜਦਕਿ ਸ਼੍ਰੀਲੰਕਾ ਦਾ ਇੱਕ ਬੱਲੇਬਾਜ਼ ਰਨ ਆਊਟ ਹੋਇਆ।