ਹੈਦਰਾਬਾਦ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਮੰਗਲਵਾਰ ਨੂੰ 2023 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰੇਗਾ। 2023 ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਦੀ (2023 ICC Men's Cricket World Cup) ਮੇਜ਼ਬਾਨੀ BCCI ਦੁਆਰਾ ਕੀਤੀ ਜਾ ਰਹੀ ਹੈ ਅਤੇ ਇਹ ਭਾਰਤ ਵਿੱਚ ਖੇਡਿਆ ਜਾਵੇਗਾ। 2013 ਤੋਂ ਬਾਅਦ ਕਈ ਮੌਕਿਆਂ ਉੱਤੇ ਭਾਰਤ ਹੁਣ ਤੱਕ ਇਸ ਆਈਸੀਸੀ ਟਰਾਫੀ ਦੇ ਖਿਤਾਬ ਉੱਤੇ ਕਬਜ਼ਾ ਨਹੀਂ ਕਰ ਸਕਿਆ ਹੈ।
ਆਈਸੀਸੀ ਟਰਾਫੀ ਦਾ ਸੋਕਾ: ਭਾਰਤ ਨੇ ਆਖਰੀ ਵਾਰ 2013 ਵਿੱਚ ਆਈਸੀਸੀ ਟਰਾਫੀ ਜਿੱਤੀ ਸੀ, ਜਦੋਂ ਉਸ ਨੇ ਫਾਈਨਲ ਵਿੱਚ ਇੰਗਲੈਂਡ ਨੂੰ ਹਰਾ ਕੇ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਟੀਮ ਦੀ ਅਗਵਾਈ ਕ੍ਰਿਸ਼ਮਈ ਕਪਤਾਨ ਮਹਿੰਦਰ ਸਿੰਘ ਧੋਨੀ ਕਰ ਰਹੇ ਸਨ। ਇਸ ਤੋਂ ਬਾਅਦ ਕ੍ਰਿਕਟ ਦੇ ਕਿਸੇ ਵੀ ਰੂਪ ਟੀ-20, ਵਨਡੇ ਜਾਂ ਟੈਸਟ ਫਾਰਮੈਟ ਵਿੱਚ ਭਾਰਤ ਆਈਸੀਸੀ ਟਰਾਫੀ ਨੂੰ ਜਿੱਤ ਸਕਿਆ। ਭਾਰਤੀ ਟੀਮ ਸੈਮੀਫਾਈਨਲ ਵਿੱਚ ਬਹੁਤ ਵਾਰ ਪਹੁੰਚੀ ਪਰ ਟਰਾਫੀ ਉੱਤੇ ਕਬਜ਼ਾ ਨਹੀਂ ਕਰ ਸਕੀ। ਇੰਗਲੈਂਡ ਵਿੱਚ ਹੋਏ 2019 ਵਿਸ਼ਵ ਕੱਪ ਵਿੱਚ ਵੀ ਭਾਰਤ ਸੈਮੀਫਾਈਨਲ ਵਿੱਚ ਕੀਵੀ ਟੀਮ ਨਿਊਜ਼ੀਲੈਂਡ ਤੋਂ ਹਾਰ ਗਿਆ ਅਤੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਦਾ ਸੁਫਨਾ ਟੁੱਟ ਗਿਆ।
ਚੋਣਕਾਰਾਂ ਉੱਤੇ ਨਜ਼ਰ: ਮੰਗਲਵਾਰ ਨੂੰ, ਸਾਰੀਆਂ ਸੰਭਾਵਨਾਵਾਂ ਵਿਚਕਾਰ ਮੁੱਖ ਚੋਣਕਾਰ ਅਜੀਤ ਅਗਰਕਰ ਸ਼੍ਰੀਲੰਕਾ ਦੇ ਕੈਂਡੀ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਵਿਸ਼ਵ ਕੱਪ ਟੀਮ ਦਾ ਐਲਾਨ ਕਰਨਗੇ, ਜਿੱਥੇ ਟੀਮ ਇਸ ਸਮੇਂ ਏਸ਼ੀਆ ਕੱਪ ਖੇਡ ਰਹੀ ਹੈ। ਭਾਰਤੀ ਕ੍ਰਿਕਟ ਪ੍ਰੇਮੀਆਂ ਦੀਆਂ ਸਾਰੀਆਂ ਨਜ਼ਰਾਂ ਚੋਣਕਾਰ ਅਗਰਕਰ ਅਤੇ ਸ਼ਿਵ ਸੁੰਦਰ ਦਾਸ, ਸੁਬਰਤੋ ਬੈਨਰਜੀ, ਸਲਿਲ ਅੰਕੋਲਾ ਅਤੇ ਸ਼੍ਰੀਧਰਨ ਸ਼ਰਤ 'ਤੇ ਟਿਕੀਆਂ ਹੋਣਗੀਆਂ, ਜੋ ਟੀਮ ਦੀ ਚੋਣ ਕਰਨਗੇ।
ਖਿਡਾਰੀਆਂ ਦੀ ਚੋਣ ਤੈਅ:ਕਪਤਾਨ ਰੋਹਿਤ ਸ਼ਰਮਾ, ਸਾਬਕਾ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਟੀਮ ਵਿੱਚ ਸ਼ਾਮਲ ਕੀਤਾ ਜਾਣਾ ਯਕੀਨੀ ਹੈ ਪਰ ਇਹ ਦੇਖਣਾ ਬਾਕੀ ਹੈ ਕਿ 'ਪੰਜ ਸੂਝਵਾਨ' ਕੀ ਫੈਸਲਾ ਕਰਦੇ ਹਨ ਕਿ ਅਹਿਮ ਨੰਬਰ 4 'ਤੇ ਕੌਣ ਖੇਡੇਗਾ। ਪਿਛਲੇ ਵਿਸ਼ਵ ਕੱਪ ਦੌਰਾਨ ਚੌਥਾ ਨੰਬਰ ਵਿਵਾਦ ਦਾ ਵਿਸ਼ਾ ਬਣ ਗਿਆ ਸੀ। ਇਹ ਵੀ ਦੇਖਣਾ ਹੋਵੇਗਾ ਕਿ ਕੀ ਬੈਂਗਲੁਰੂ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਤੋਂ ਕਲੀਅਰੈਂਸ ਹਾਸਲ ਕਰਨ ਵਾਲੇ ਕੇਐੱਲ ਰਾਹੁਲ ਫਿਰ ਤੋਂ ਫਿੱਟ ਹੋ ਕੇ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣਗੇ ਜਾਂ ਚੋਣਕਰਤਾ ਨੌਜਵਾਨ ਈਸ਼ਾਨ ਕਿਸ਼ਨ 'ਤੇ ਭਰੋਸਾ ਜਤਾਉਂਦੇ ਹਨ।
ਸ਼੍ਰੇਅਸ ਅਈਅਰ ਨੇ ਰਾਸ਼ਟਰੀ ਟੀਮ ਵਿੱਚ ਸੱਟ ਤੋਂ ਬਾਅਦ ਵਾਪਸੀ ਕੀਤੀ ਅਤੇ ਉਸ ਨੂੰ ਵਿਸ਼ਵ ਕੱਪ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਆਲ ਰਾਊਂਡਰ ਹਾਰਦਿਕ ਪੰਡਯਾ, ਜੋ ਆਪਣੇ ਛੱਕੇ ਮਾਰਨ ਦੇ ਹੁਨਰ ਲਈ ਜਾਣਿਆ ਜਾਂਦਾ ਹੈ, ਉਹ ਵੀ ਟੀਮ ਦਾ ਨਿਸ਼ਚਿਤ ਹਿੱਸਾ ਦਿਖਾਈ ਦਿੰਦਾ ਹੈ। ਘਰੇਲੂ ਖੇਤਰ 'ਚ ਮੁੰਬਈ ਲਈ ਖੇਡਣ ਵਾਲੇ ਆਲਰਾਊਂਡਰ ਸ਼ਾਰਦੁਲ ਠਾਕੁਰ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਸ਼ੁਭਮਨ ਗਿੱਲ ਨੂੰ ਵੀ ਸ਼ਾਮਿਲ ਕਰਨ ਦੀ ਸੰਭਾਵਨਾ ਹੈ। 2023 ਵਨਡੇ ਵਿਸ਼ਵ ਕੱਪ ਭਾਰਤ ਦੇ ਵੱਖ-ਵੱਖ ਸਥਾਨਾਂ 'ਤੇ ਖੇਡਿਆ ਜਾਵੇਗਾ ਜਿਸ ਵਿੱਚ ਚੇਨਈ, ਹੈਦਰਾਬਾਦ, ਅਹਿਮਦਾਬਾਦ, ਮੁੰਬਈ, ਪੁਣੇ ਅਤੇ ਧਰਮਸ਼ਾਲਾ ਸ਼ਾਮਲ ਹਨ।
ਆਈਸੀਸੀ ਖਿਤਾਬ ਭਾਰਤ ਦੇ ਨਾਮ: ਭਾਰਤ ਨੇ ਦੋ ਇੱਕ ਰੋਜ਼ਾ ਵਿਸ਼ਵ ਕੱਪ ਜਿੱਤੇ ਹਨ,ਪਹਿਲਾ 1983 ਵਿੱਚ ਜਦੋਂ ਟੀਮ ਦੀ ਹਰਫਨਮੌਲਾ ਕਪਿਲ ਦੇਵ ਨੇ ਅਗਵਾਈ ਕੀਤੀ ਅਤੇ ਕਲਾਈਵ ਲੋਇਡ ਦੀ ਅਗਵਾਈ ਵਾਲੀ ਸ਼ਕਤੀਸ਼ਾਲੀ ਵੈਸਟਇੰਡੀਜ਼ ਨੂੰ ਹਰਾਇਆ। 2011 ਵਿੱਚ ਜਦੋਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਟੀਮ ਨੇ ਪ੍ਰਸਿੱਧ ਵਾਨਖੇੜੇ ਸਟੇਡੀਅਮ ਵਿੱਚ ਸ਼੍ਰੀਲੰਕਾ ਨੂੰ ਹਰਾਇਆ। ਭਾਰਤ ਨੇ ਹੋਰ ਦੋ ਆਈਸੀਸੀ ਟਰਾਫੀਆਂ ਜਿੱਤੀਆਂ ਹਨ। 2007 ਆਈਸੀਸੀ ਉਦਘਾਟਨੀ ਟੀ-20 ਵਿਸ਼ਵ ਕੱਪ ਦੱਖਣੀ ਅਫਰੀਕਾ ਵਿੱਚ ਆਯੋਜਿਤ ਕੀਤਾ ਗਿਆ ਸੀ ਜਦੋਂ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਮੇਨ ਇਨ ਬਲੂ ਨੇ ਫਾਈਨਲ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਹਰਾਇਆ ਸੀ। ਇਸ ਤੋਂ ਇਲਾਵਾ 2013 ਵਿੱਚ ਇੰਗਲੈਂਡ ਅੰਦਰ ਖੇਡੀ ਗਈ ਚੈਂਪੀਅਨਜ਼ ਟਰਾਫੀ ਉੱਤੇ ਵੀ ਕਬਜਾ ਕੀਤਾ ਸੀ।