ਤਾਰੋਬਾ: ਜੇਸਨ ਹੋਲਡਰ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟਇੰਡੀਜ਼ ਨੇ ਵੀਰਵਾਰ ਨੂੰ ਇੱਥੇ ਪਹਿਲੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ ਚਾਰ ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਵੈਸਟਇੰਡੀਜ਼ ਦੇ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਹੋਲਡਰ (2/19), ਓਬੇਡ ਮੈਕਕੋਏ (2/28) ਅਤੇ ਰੋਮੀਓ ਸ਼ੇਪਾਰਡ (2/33) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਨੌ ਵਿਕਟਾਂ 'ਤੇ 145 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਮੈਚ 'ਚ ਖੱਬੇ ਹੱਥ ਦੇ ਸਪਿੰਨਰ ਅਕੀਲ ਹੁਸੈਨ ਨੇ ਧਮਾਕੇਦਾਰ ਗੇਂਦਬਾਜ਼ੀ ਕਰਦੇ ਹੋਏ 17 ਦੌੜਾਂ ਦੇ ਕੇ ਇਕ ਵਿਕਟ ਲਈ।
IND vs WI t20:ਭਾਰਤ ਲਈ ਆਪਣੀ ਸ਼ੁਰੂਆਤ ਕਰਦੇ ਹੋਏ ਤਿਲਕ ਵਰਮਾ ਨੇ ਸਭ ਤੋਂ ਵੱਧ 39 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ (21) ਅਤੇ ਕਪਤਾਨ ਹਾਰਦਿਕ ਪੰਡਯਾ (19) ਚੰਗੀ ਸ਼ੁਰੂਆਤ ਦਾ ਫਾਇਦਾ ਚੁੱਕਣ ਵਿਚ ਨਾਕਾਮ ਰਹੇ। ਜਦਕਿ ਵੈਸਟਇੰਡੀਜ਼ ਨੇ ਕਪਤਾਨ ਰੋਵਮੈਨ ਪਾਵੇਲ (32 ਗੇਂਦਾਂ ਵਿੱਚ 48 ਦੌੜਾਂ, ਤਿੰਨ ਚੌਕੇ, ਤਿੰਨ ਛੱਕੇ) ਅਤੇ ਨਿਕੋਲਸ ਪੂਰਨ (34 ਗੇਂਦਾਂ ਵਿੱਚ 41 ਦੌੜਾਂ, ਦੋ ਚੌਕੇ, ਦੋ ਛੱਕੇ) ਦੀ ਸ਼ਾਨਦਾਰ ਪਾਰੀ ਨਾਲ ਛੇ ਵਿਕਟਾਂ ’ਤੇ 149 ਦੌੜਾਂ ਬਣਾਈਆਂ। ਦੋਵਾਂ ਨੇ ਚੌਥੀ ਵਿਕਟ ਲਈ 38 ਦੌੜਾਂ ਵੀ ਜੋੜੀਆਂ। ਪਾਵੇਲ ਨੇ ਸ਼ਿਮਰੋਨ ਹੇਟਮਾਇਰ (10) ਨਾਲ ਪੰਜਵੀਂ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਭਾਰਤ ਲਈ ਲੈੱਗ ਸਪਿੰਨਰ ਯੁਜਵੇਂਦਰ ਚਾਹਲ ਨੇ 24 ਦੌੜਾਂ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ 31 ਦੌੜਾਂ ਦੇ ਕੇ ਦੋ-ਦੋ ਵਿਕਟਾਂ ਆਪਣੇ ਨਾਮ ਲਈਆਂ। ਖੱਬੇ ਹੱਥ ਦੇ ਸਪਿਨਰ ਕੁਲਦੀਪ ਯਾਦਵ ਅਤੇ ਪੰਡਯਾ ਨੇ ਕ੍ਰਮਵਾਰ 20 ਅਤੇ 27 ਦੌੜਾਂ ਦੇ ਕੇ ਇੱਕ-ਇੱਕ ਵਿਕਟ ਹਾਸਲ ਕੀਤੀ।
ਭਾਰਤ ਦੀ ਖ਼ਰਾਬ ਸ਼ੁਰੂਆਤ: ਰੌਮਾਂਚਿਕ ਮੁਕਾਬਲੇ 'ਚ ਟੀਚੇ ਦਾ ਪਿੱਛਾ ਕਰਨ ਮੈਦਾਨ 'ਤੇ ਆਈ ਭਾਰਤ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਪੰਜਵੇਂ ਓਵਰ 'ਚ 28 ਦੌੜਾਂ 'ਤੇ ਦੋਵੇਂ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (03) ਅਤੇ ਇਸ਼ਾਨ ਕਿਸ਼ਨ (06) ਦੀਆਂ ਵਿਕਟਾਂ ਗੁਆ ਦਿੱਤੀਆਂ। ਗਿੱਲ ਨੂੰ ਵਿਕਟ-ਕੀਪਰ ਜੌਹਨਸਨ ਚਾਰਲਸ ਨੇ ਹੁਸੈਨ ਦੀ ਗੇਂਦ 'ਤੇ ਸਟੰਪ ਕੀਤਾ ਜਦਕਿ ਈਸ਼ਾਨ ਨੇ ਪਾਵੇਲ ਨੂੰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੈਕਕੋਏ ਦੀ ਗੇਂਦ 'ਤੇ ਮਿਡ-ਆਨ 'ਚ ਆਪਣਾ ਕੈਚ ਦੇ ਦਿੱਤਾ। ਸੂਰਿਆਕੁਮਾਰ ਨੇ ਹੁਸੈਨ 'ਤੇ ਚੌਕਾ ਲਗਾ ਕੇ ਖਾਤਾ ਖੋਲ੍ਹਿਆ ਅਤੇ ਫਿਰ ਅਗਲੇ ਓਵਰ 'ਚ ਅਲਜ਼ਾਰੀ ਜੋਸੇਫ 'ਤੇ ਚੌਕਾ ਅਤੇ ਇਕ ਛੱਕਾ ਲਗਾਇਆ।