ਨਵੀਂ ਦਿੱਲੀ:ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਵੀਰਵਾਰ ਨੂੰ ਆਗਾਮੀ ਟੀ-20 ਵਿਸ਼ਵ ਕੱਪ ਲਈ ਨਵਾਂ ਲੋਗੋ ਲਾਂਚ ਕੀਤਾ ਹੈ। ਇਹ ਲੋਗੋ ਵੈਸਟ ਇੰਡੀਜ਼ ਦੇ ਰੁੱਖ ਅਤੇ ਅਮਰੀਕਾ ਦੀਆਂ ਪੱਟੀਆਂ ਨੂੰ ਪ੍ਰਦਰਸ਼ਿਤ ਕਰ ਰਿਹਾ ਹੈ। ਇਸ ਲੋਗੋ 'ਚ ਲਿਖਿਆ ਸ਼ਬਦ ਟੀ-20 ਗੇਂਦ ਨੂੰ ਬੱਲੇ ਨਾਲ ਟਕਰਾਉਂਦੇ ਹੋਏ ਦਿਖਾਉਂਦਾ ਹੈ। ਪ੍ਰਸ਼ੰਸਕ ਵੀ ਇਸ ਲੋਗੋ ਨੂੰ ਕਾਫੀ ਪਸੰਦ ਕਰ ਰਹੇ ਹਨ।
ਇਹ ਟੂਰਨਾਮੈਂਟ ਅਗਲੇ ਸਾਲ ਜੂਨ ਵਿੱਚ ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ 4 ਤੋਂ 30 ਜੂਨ ਤੱਕ ਕਰਵਾਇਆ ਜਾਵੇਗਾ। ਇਸ ਵਿਸ਼ਵ ਕੱਪ ਵਿੱਚ ਕੁੱਲ 20 ਟੀਮਾਂ ਹਿੱਸਾ ਲੈਣਗੀਆਂ ਅਤੇ ਇਨ੍ਹਾਂ ਵਿਚਾਲੇ 55 ਮੈਚ ਖੇਡੇ ਜਾਣਗੇ। ਮਹਿਲਾ ਟੀ-20 ਵਿਸ਼ਵ ਕੱਪ ਦਾ ਸ਼ਡਿਊਲ ਅਜੇ ਨਹੀਂ ਆਇਆ ਹੈ।
ਆਈਸੀਸੀ ਨੇ ਇਸ ਲੋਗੋ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।ਆਈਸੀਸੀ ਨੇ ਐਕਸ 'ਤੇ ਪੋਸਟ ਕੀਤਾ ਤੇ ਲਿਖਿਆ, 'ਟੀ-20 ਕ੍ਰਿਕਟ, ਬੱਲੇ, ਗੇਂਦ ਅਤੇ ਊਰਜਾ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਤਿੰਨ ਚੀਜ਼ਾਂ ਤੋਂ ਬਣਿਆ, ਆਈਸੀਸੀ ਟੀ-20 ਵਿਸ਼ਵ ਕੱਪ ਲਈ ਇੱਕ ਆਕਰਸ਼ਕ ਅਤੇ ਨਵੇਂ ਰੂਪ ਦਾ ਲੋਗੋ ਹੈ।' ਆਈਸੀਸੀ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਤੁਹਾਨੂੰ ਪੁਰਸ਼ ਅਤੇ ਮਹਿਲਾ ਟੀ-20 ਵਿਸ਼ਵ ਕੱਪ ਦੀਆਂ ਕੁਝ ਯਾਦਾਂ ਦੇਖਣ ਨੂੰ ਮਿਲ ਰਹੀਆਂ ਹਨ।
ਭਾਰਤੀ ਟੀਮ ਨੇ ਪਿਛਲੇ ਸਾਲ ਹੋਏ ਟੀ-20 ਵਿਸ਼ਵ ਕੱਪ 'ਚ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ। ਸੈਮੀਫਾਈਨਲ 'ਚ ਇੰਗਲੈਂਡ ਨੇ ਭਾਰਤ ਨੂੰ ਇਕਤਰਫਾ ਮੈਚ 'ਚ ਹਰਾ ਕੇ ਫਾਈਨਲ ਦੀ ਦੌੜ 'ਚੋਂ ਬਾਹਰ ਕਰ ਦਿੱਤਾ। ਉਸ ਸਮੇਂ ਟੀਮ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀ-20 ਵਿਸ਼ਵ ਕੱਪ 2022 ਦਾ ਖਿਤਾਬ ਜਿੱਤਣ 'ਚ ਅਸਫਲ ਰਹੀ ਸੀ। ਹੁਣ ਟੀਮ ਇੰਡੀਆ ਕੋਲ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਦਾ ਮੌਕਾ ਹੋਵੇਗਾ ਪਰ ਇਹ ਰਾਹ ਉਸ ਲਈ ਆਸਾਨ ਨਹੀਂ ਹੋਵੇਗਾ। ਇਸ ਟੂਰਨਾਮੈਂਟ 'ਚ ਆਸਟ੍ਰੇਲੀਆ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।