ਨਵੀਂ ਦਿੱਲੀ: ਦੱਖਣੀ ਅਫਰੀਕਾ 'ਚ ਖੇਡੀ ਜਾ ਰਹੀ ਮਹਿਲਾ ਤਿਕੋਣੀ ਸੀਰੀਜ਼ 'ਚ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਸਖਤ ਟੱਕਰ ਦੇਖਣ ਨੂੰ ਮਿਲੀ। ਇਸ ਟੂਰਨਾਮੈਂਟ ਦੇ ਤੀਜੇ ਮੈਚ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਵੈਸਟਇੰਡੀਜ਼ ਨੂੰ ਹਰਾਇਆ। ਇਸ ਮੈਚ ਦੀ ਜਿੱਤ ਤੋਂ ਬਾਅਦ ਟੀਮ ਇੰਡੀਆ ਨੇ ਟੂਰਨਾਮੈਂਟ 'ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਹੈ। ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ 56 ਦੌੜਾਂ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾਈਆਂ। 168 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਲਈ ਵੈਸਟਇੰਡੀਜ਼ ਦੀ ਟੀਮ 20 ਓਵਰਾਂ 'ਚ ਚਾਰ ਵਿਕਟਾਂ ਦੇ ਨੁਕਸਾਨ 'ਤੇ 111 ਦੌੜਾਂ ਹੀ ਬਣਾ ਸਕੀ। 23 ਜਨਵਰੀ ਨੂੰ ਖੇਡੇ ਗਏ ਮੈਚ 'ਚ ਟੀਮ ਇੰਡੀਆ ਨੂੰ ਜਿੱਤ ਦਿਵਾਉਣ ਵਾਲੀ ਸਮ੍ਰਿਤੀ ਮੰਧਾਨਾ ਨੇ 74 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਵੈਸਟਇੰਡੀਜ਼ 'ਤੇ ਜਿੱਤ ਤੋਂ ਬਾਅਦ ਟੀਮ ਇੰਡੀਆ 4 ਅੰਕਾਂ ਨਾਲ ਪਹਿਲੇ ਸਥਾਨ ਉੱਤੇ ਬਰਕਰਾਰ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਆਪਣੇ ਸਾਰੇ ਮੈਚ ਹਾਰ ਕੇ ਆਖਰੀ ਨੰਬਰ 'ਤੇ ਹੈ। ਇਸ ਅੰਕ ਸੂਚੀ 'ਤੇ ਮੇਜ਼ਬਾਨ ਟੀਮ ਦੋ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਭਾਰਤ ਇਸ ਸੀਰੀਜ਼ 'ਚ ਹੁਣ ਤੱਕ ਇਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤ ਨੇ ਆਪਣਾ ਅਗਲਾ ਮੈਚ ਦੱਖਣੀ ਅਫਰੀਕਾ ਖਿਲਾਫ ਖੇਡਣਾ ਹੈ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਹ ਫਾਈਨਲ ਵਿੱਚ ਜਾਣ ਵਾਲੀ ਪਹਿਲੀ ਟੀਮ ਬਣ ਜਾਵੇਗੀ। ਦੋਵਾਂ ਟੀਮਾਂ ਵਿਚਾਲੇ ਅਗਲਾ ਮੈਚ 28 ਜਨਵਰੀ ਨੂੰ ਖੇਡਿਆ ਜਾਵੇਗਾ। ਇਸ ਤੋਂ ਬਾਅਦ ਭਾਰਤ ਦਾ ਆਖਰੀ ਗਰੁੱਪ ਮੈਚ 30 ਜਨਵਰੀ ਨੂੰ ਵੈਸਟਇੰਡੀਜ਼ ਖਿਲਾਫ ਖੇਡਿਆ ਜਾਵੇਗਾ।