ਨਵੀਂ ਦਿੱਲੀ:ਵਿਸ਼ਵ ਕੱਪ 2023 ਦੇ ਚੌਥੇ ਮੈਚ 'ਚ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 102 ਦੌੜਾਂ ਨਾਲ ਹਰਾ ਦਿੱਤਾ ਹੈ। ਟੂਰਨਾਮੈਂਟ 'ਚ ਦੱਖਣੀ ਅਫਰੀਕਾ ਦੀ ਇਹ ਪਹਿਲੀ ਜਿੱਤ ਅਤੇ ਸ਼੍ਰੀਲੰਕਾ ਦੀ ਪਹਿਲੀ ਹਾਰ ਹੈ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡਿਆ ਗਿਆ। ਇਸ ਮੈਚ 'ਚ ਸ਼੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 5 ਵਿਕਟਾਂ ਦੇ ਨੁਕਸਾਨ 'ਤੇ 428 ਦੌੜਾਂ ਬਣਾਈਆਂ। 429 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ 45.5 ਓਵਰਾਂ 'ਚ 326 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ 102 ਦੌੜਾਂ ਨਾਲ ਮੈਚ ਹਾਰ ਗਈ।
ਦੱਖਣੀ ਅਫਰੀਕਾ ਦੀ ਪਾਰੀ 428/5:ਦੱਖਣੀ ਅਫਰੀਕਾ ਨੇ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ ਕਰਦਿਆਂ 428 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਦੱਖਣੀ ਅਫਰੀਕਾ ਦੇ ਇਸ ਮੈਚ 'ਚ ਸ਼੍ਰੀਲੰਕਾ ਦੇ ਗੇਂਦਬਾਜ਼ੀ ਹਮਲੇ ਦੇ ਖਿਲਾਫ 3 ਬੱਲੇਬਾਜ਼ਾਂ ਨੇ ਸੈਂਕੜੇ ਲਗਾਏ। ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਨੇ 84 ਗੇਂਦਾਂ ਵਿੱਚ 12 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ। ਉੱਥੇ ਹੀ ਰੈਸੀ ਵਾਨ ਡੇਰ ਡੁਸਨ ਨੇ 110 ਗੇਂਦਾਂ 'ਚ 13 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 108 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਏਡਨ ਮਾਰਕਰਮ ਨੇ ਸਭ ਤੋਂ ਤੇਜ਼ ਸੈਂਕੜਾ ਲਗਾਇਆ। ਉਸ ਨੇ 49 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਮਾਰਕਰਮ 54 ਗੇਂਦਾਂ 'ਚ 14 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 106 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਨ੍ਹਾਂ ਤਿੰਨ ਸੈਂਕੜਿਆਂ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 429 ਦੌੜਾਂ ਦਾ ਟੀਚਾ ਦਿੱਤਾ। ਸ਼੍ਰੀਲੰਕਾ ਲਈ ਦਿਲਸ਼ਾਨ ਮਦੁਸ਼ੰਕਾ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ।