ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਲਈ ਅੱਜ ਦਾ ਦਿਨ ਬੇਹੱਦ ਖਾਸ ਹੈ। ਗਿੱਲ ਨੇ ਅੱਜ ਦੇ ਦਿਨ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 3 ਜਨਵਰੀ 2023 ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਆਪਣਾ ਟੀ20 ਅੰਤਰਰਾਸ਼ਟਰੀ ਡੈਬਿਊ ਕੀਤਾ ਸੀ।
ਗਿੱਲ ਨੇ ਸ਼੍ਰੀਲੰਕਾ ਖਿਲਾਫ ਕੀਤਾ ਸੀ ਆਪਣਾ ਡੈਬਿਊ :ਉਨ੍ਹਾਂ ਦਾ ਡੈਬਿਊ ਮੈਚ ਸ਼੍ਰੀਲੰਕਾ ਖਿਲਾਫ ਸੀ ਹਾਲਾਂਕਿ ਇਸ ਮੈਚ 'ਚ ਗਿੱਲ ਕੋਈ ਖਾਸ ਕਾਰਨਾਮਾ ਨਹੀਂ ਦਿਖਾ ਸਕੇ ਅਤੇ 5 ਗੇਂਦਾਂ 'ਚ 1 ਚੌਕੇ ਦੀ ਮਦਦ ਨਾਲ 7 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾਾਈ ਸਪਿਨਰ ਮਹੇਸ਼ ਥੀਕਸ਼ਾਨਾ ਦੀ ਗੇਂਦ 'ਤੇ ਐੱਲ.ਬੀ.ਡਬਲਯੂ. ਆਊਟ ਹੋ ਗਏ ਸਨ। ਇਸ ਮੈਚ 'ਚ ਭਾਰਤ ਨੇ ਸ਼੍ਰੀਲੰਕਾ 'ਤੇ 2 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਮੈਚ 'ਚ ਸ਼ਿਵਮ ਮਾਵੀ ਨੇ ਵੀ ਭਾਰਤ ਲਈ ਡੈਬਿਊ ਕੀਤਾ ਸੀ।
ਗਿੱਲ ਦਾ ਸ਼ਾਨਦਾਰ ਟੀ-20 ਕਰੀਅਰ:ਸ਼ੁਭਮਨ ਗਿੱਲ ਨੂੰ ਆਈ.ਪੀ.ਐੱਲ. ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਟੀ-20 ਫਾਰਮੈਟ ਵਿੱਚ ਭਾਰਤ ਲਈ ਖੇਡਣ ਦਾ ਮੌਕਾ ਮਿਲਿਆ। ਹੁਣ ਤੱਕ ਗਿੱਲ ਨੇ ਭਾਰਤ ਲਈ 13 ਟੀ-20 ਮੈਚਾਂ ਦੀਆਂ 13 ਪਾਰੀਆਂ 'ਚ 1 ਸੈਂਕੜੇ ਅਤੇ 1 ਅਰਧ ਸੈਂਕੜੇ ਦੀ ਮਦਦ ਨਾਲ ਕੁੱਲ 312 ਦੌੜਾਂ ਬਣਾਈਆਂ ਹਨ। ਇਸ ਦੌਰਾਨ ਗਿੱਲ ਦੀ ਟੀ-20 ਔਸਤ 26.0 ਅਤੇ ਸਟ੍ਰਾਈਕ ਰੇਟ 145.12 ਰਹੀ ਹੈ। ਟੀ-20 ਕ੍ਰਿਕਟ 'ਚ ਉਨ੍ਹਾਂ ਦੇ ਨਾਂ 26 ਚੌਕੇ ਅਤੇ 16 ਛੱਕੇ ਵੀ ਹਨ।
ਸਾਲ 2023 'ਚ ਗਿੱਲ ਦਾ ਜਲਵਾ ਜਾਰੀ: ਸ਼ੁਭਮਨ ਗਿੱਲ ਨੂੰ ਭਾਰਤੀ ਕ੍ਰਿਕਟ ਟੀਮ ਦਾ ਭਵਿੱਖ ਦਾ ਸਿਤਾਰਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਪ੍ਰਤਿਭਾ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਵਾਂਗ ਭਾਰਤ ਲਈ ਇੱਕ ਮਹਾਨ ਖਿਡਾਰੀ ਸਾਬਤ ਹੋ ਸਕਦੇ ਹਨ। ਗਿੱਲ ਭਾਰਤ ਲਈ ਟੈਸਟ, ਵਨਡੇ ਅਤੇ ਟੀ-20 ਸਾਰੇ ਫਾਰਮੈਟਾਂ ਵਿੱਚ ਖੇਡਦੇ ਹਨ।
ਗਿੱਲ ਸਾਲ 2023 ਵਿੱਚ ਭਾਰਤ ਲਈ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ। ਉਨ੍ਹਾਂ ਨੇ 29 ਵਨਡੇ ਮੈਚਾਂ 'ਚ 5 ਸੈਂਕੜੇ ਅਤੇ 9 ਅਰਧ ਸੈਂਕੜਿਆਂ ਦੀ ਮਦਦ ਨਾਲ 1584 ਦੌੜਾਂ ਬਣਾਈਆਂ ਹਨ। ਸਾਲ 2023 ਵਿੱਚ ਉਨ੍ਹਾਂ ਦੀ ਆਈਸੀਸੀ ਵਨਡੇ ਰੈਂਕਿੰਗ ਵੀ ਨੰਬਰ 1 ਰਹੀ ਹੈ। ਹੁਣ ਉਹ ਦੂਜੇ ਨੰਬਰ 'ਤੇ ਹੈ।