ਨਵੀਂ ਦਿੱਲੀ:ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਨੇ ਆਸਟ੍ਰੇਲੀਆ ਖਿਲਾਫ ਖੇਡੇ ਜਾ ਰਹੇ ਦੂਜੇ ਕ੍ਰਿਕਟ ਟੈਸਟ ਮੈਚ 'ਚ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਰਵਿੰਦਰ ਜਡੇਜਾ 2500 ਦੌੜਾਂ ਬਣਾਉਣ ਦੇ ਨਾਲ-ਨਾਲ 250 ਵਿਕਟਾਂ ਲੈਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਨੰਬਰ ਇਕ ਭਾਰਤੀ ਖਿਡਾਰੀ ਬਣ ਗਿਆ ਹੈ। ਅਜਿਹਾ ਕਰਨ ਲਈ ਉਹ ਵਿਸ਼ਵ ਕ੍ਰਿਕਟ ਦੇ ਇਤਿਹਾਸ ਵਿੱਚ ਦੂਜੇ ਅਜਿਹੇ ਖਿਡਾਰੀ ਹਨ। ਜਿਨ੍ਹਾਂ ਨੇ ਇੰਨੇ ਘੱਟ ਮੈਚਾਂ ਵਿੱਚ 250 ਟੈਸਟ ਵਿਕਟਾਂ ਅਤੇ 2500 ਤੋਂ ਵੱਧ ਦੌੜਾਂ ਬਣਾਈਆਂ ਹਨ।
ਤੁਹਾਨੂੰ ਦੱਸ ਦੇਈਏ ਕਿ ਰਵਿੰਦਰ ਜਡੇਜਾ ਨੇ ਆਪਣੇ 62ਵੇਂ ਟੈਸਟ ਮੈਚ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਮੈਚ ਦੌਰਾਨ ਉਨ੍ਹਾਂ ਦੇ ਸਾਥੀ ਰਵੀਚੰਦਰਨ ਅਸ਼ਵਿਨ ਨੇ ਵੀ ਇਕ ਖਾਸ ਉਪਲਬਧੀ ਹਾਸਲ ਕੀਤੀ ਹੈ ਅਤੇ ਉਹ ਆਸਟ੍ਰੇਲੀਆ ਖਿਲਾਫ 100 ਵਿਕਟਾਂ ਲੈਣ ਵਾਲੇ ਦੂਜੇ ਭਾਰਤੀ ਗੇਂਦਬਾਜ਼ ਬਣ ਗਏ ਹਨ।
ਰਵਿੰਦਰ ਜਡੇਜਾ ਨੇ 62 ਟੈਸਟ ਮੈਚਾਂ ਦੀਆਂ 117 ਪਾਰੀਆਂ 'ਚ 250 ਵਿਕਟਾਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਉਸ ਨੇ 171 ਵਨਡੇ ਮੈਚਾਂ 'ਚ 189 ਵਿਕਟਾਂ ਹਾਸਲ ਕੀਤੀਆਂ ਹਨ। ਇਸ ਤੋਂ ਇਲਾਵਾ 64 ਟੀ-20 'ਚ 51 ਵਿਕਟਾਂ ਲਈਆਂ ਹਨ। ਤੁਹਾਨੂੰ ਯਾਦ ਹੋਵੇਗਾ ਕਿ ਰਵਿੰਦਰ ਜਡੇਜਾ ਆਪਣੀ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਨਾਗਪੁਰ ਟੈਸਟ 'ਚ 'ਪਲੇਅਰ ਆਫ ਦ ਮੈਚ' ਬਣੇ ਸਨ।