ਨਵੀਂ ਦਿੱਲੀ:ਭਾਰਤੀ ਦਿੱਗਜ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦੀ ਟੀਮ ਇੰਡੀਆ ਨੂੰ 'ਅੰਡਰਚੀਵਰ' (ਘਟ ਪ੍ਰਾਪਤੀ) ਕਰਾਰ ਦੇਣ ਵਾਲੀ ਟਿੱਪਣੀ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਭਾਰਤ ਨੇ ਦੁਨੀਆ 'ਚ ਕਿੰਨਾ ਚੰਗਾ ਪ੍ਰਦਰਸ਼ਨ ਕੀਤਾ ਹੈ, ਇਸ ਨੂੰ ਦੇਖਦੇ ਹੋਏ ਅਜਿਹੀਆਂ ਟਿੱਪਣੀਆਂ ਸੁਣ ਕੇ ਮੈਨੂੰ ਹਾਸਾ ਆ ਜਾਂਦਾ ਹੈ। ਇਹ ਟਿੱਪਣੀ ਆਸਟਰੇਲੀਆ ਬਨਾਮ ਪਾਕਿਸਤਾਨ ਟੈਸਟ ਸੀਰੀਜ਼ ਦੇ ਦੌਰਾਨ ਫਾਕਸ ਕ੍ਰਿਕਟ 'ਤੇ ਪੈਨਲ ਚਰਚਾ ਦੌਰਾਨ ਸਾਬਕਾ ਆਸਟਰੇਲੀਆਈ ਬੱਲੇਬਾਜ਼ ਮਾਰਕ ਵਾਨ ਦੇ ਸਵਾਲ ਦੇ ਜਵਾਬ ਵਿੱਚ ਕੀਤੀ।
ਆਸਟ੍ਰੇਲੀਆ 'ਚ ਟੈਸਟ ਸੀਰੀਜ਼ : ਵਾਨ ਨੇ ਕਿਹਾ ਸੀ, 'ਭਾਰਤ ਦੁਨੀਆ ਦੀ ਇਕ ਅਜਿਹੀ ਟੀਮ ਹੈ ਜਿਸ ਨੇ ਪਿਛਲੇ ਕੁਝ ਸਾਲਾਂ 'ਚ ਆਪਣੀ ਸਮਰੱਥਾ ਤੋਂ ਬਹੁਤ ਘੱਟ ਹਾਸਲ ਕੀਤਾ ਹੈ। ਜੇਕਰ ਉਸ ਦੇ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਉਸ ਨੇ ਕੋਈ ਵੱਡਾ ਈਵੈਂਟ ਨਹੀਂ ਜਿੱਤਿਆ ਹੈ। ਉਨ੍ਹਾਂ ਨੇ ਇੱਥੇ ਆਸਟ੍ਰੇਲੀਆ 'ਚ ਟੈਸਟ ਸੀਰੀਜ਼ ਜਿੱਤੀ ਸੀ ਪਰ ਇਸ ਤੋਂ ਬਾਅਦ ਚਾਹੇ ਉਹ ਆਈਸੀਸੀ ਈਵੈਂਟ ਹੋਵੇ ਜਾਂ ਦੱਖਣੀ ਅਫਰੀਕਾ 'ਚ ਟੈਸਟ ਸੀਰੀਜ਼, ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਵਨਡੇ ਵਿਸ਼ਵ ਕੱਪ ਵੀ ਨਹੀਂ ਜਿੱਤ ਸਕਿਆ।