ਬੈਂਗਲੁਰੂ: ਰਣਜੀ ਟਰਾਫੀ ਵਿੱਚ ਡੈਬਿਊ ਕਰਨ ਵਾਲੇ ਸੁਵੇਦ ਪਾਰਕਰ (ਰਿਕਾਰਡ 252), ਸਰਫਰਾਜ਼ ਖਾਨ (153) ਅਤੇ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਦੀ ਬਦੌਲਤ ਮੁੰਬਈ ਨੇ ਕੁਆਰਟਰ ਫਾਈਨਲ ਮੈਚ ਵਿੱਚ ਉਤਰਾਖੰਡ ਨੂੰ ਰਿਕਾਰਡ 725 ਦੌੜਾਂ ਨਾਲ ਹਰਾ ਦਿੱਤਾ। ਮੁੰਬਈ ਦੀ ਇਹ ਜਿੱਤ ਦੌੜਾਂ ਦੇ ਲਿਹਾਜ਼ ਨਾਲ ਪਹਿਲੀ ਸ਼੍ਰੇਣੀ ਕ੍ਰਿਕਟ ਦੀ ਸਭ ਤੋਂ ਵੱਡੀ ਜਿੱਤ ਹੈ।
ਪਹਿਲੀ ਸ਼੍ਰੇਣੀ ਕ੍ਰਿਕਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਸਾਲ 1929-30 ਵਿੱਚ ਨਿਊ ਸਾਊਥ ਵੇਲਜ਼ ਨੇ ਕੁਈਨਜ਼ਲੈਂਡ ਨੂੰ 685 ਦੌੜਾਂ ਨਾਲ ਹਰਾ ਕੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਪਰ ਮੁੰਬਈ ਨੇ 93 ਸਾਲ ਬਾਅਦ ਇਹ ਰਿਕਾਰਡ ਤੋੜ ਦਿੱਤਾ। ਪ੍ਰਿਥਵੀ ਸ਼ਾਅ ਦੀ ਅਗਵਾਈ ਵਾਲੀ ਮੁੰਬਈ ਨੇ ਉੱਤਰਾਖੰਡ ਨੂੰ ਵੱਡੇ ਫਰਕ ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਮੁੰਬਈ ਦੀ ਜਿੱਤ ਵਿੱਚ ਸ਼ਮਸ ਮੁਲਾਨੀ ਦਾ ਵੀ ਅਹਿਮ ਯੋਗਦਾਨ ਰਿਹਾ। ਉਸ ਨੇ ਪਹਿਲੀ ਪਾਰੀ 'ਚ ਪੰਜ ਵਿਕਟਾਂ ਅਤੇ ਦੂਜੀ ਪਾਰੀ 'ਚ ਤਿੰਨ ਵਿਕਟਾਂ ਆਪਣੇ ਦਮ 'ਤੇ ਲਈਆਂ।
ਮੁੰਬਈ ਨੇ ਪਹਿਲੀ ਪਾਰੀ 647/8 'ਤੇ ਘੋਸ਼ਿਤ ਕੀਤੀ। ਉਤਰਾਖੰਡ ਆਪਣੀ ਪਹਿਲੀ ਪਾਰੀ ਵਿੱਚ ਸਿਰਫ਼ 114 ਦੌੜਾਂ ਹੀ ਬਣਾ ਸਕਿਆ। ਇਸ ਦੌਰਾਨ ਮੁੰਬਈ ਲਈ ਸ਼ਮਸ ਮੁਲਾਨੀ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। 533 ਦੌੜਾਂ ਦੀ ਬੜ੍ਹਤ ਨਾਲ ਮੁੰਬਈ ਨੇ ਦੂਜੀ ਪਾਰੀ 261/3 'ਤੇ ਐਲਾਨ ਦਿੱਤੀ ਅਤੇ ਉਤਰਾਖੰਡ ਦੇ ਸਾਹਮਣੇ 794 ਦੌੜਾਂ ਦਾ ਵੱਡਾ ਟੀਚਾ ਰੱਖਿਆ। ਉਤਰਾਖੰਡ ਦੇ ਬੱਲੇਬਾਜ਼ਾਂ ਨੇ ਇਕ ਵਾਰ ਫਿਰ ਨਿਰਾਸ਼ ਕੀਤਾ ਅਤੇ ਟੀਚੇ ਦਾ ਪਿੱਛਾ ਕਰਦੇ ਹੋਏ ਪੂਰੀ ਟੀਮ ਸਿਰਫ 69 ਦੌੜਾਂ 'ਤੇ ਆਲ ਆਊਟ ਹੋ ਗਈ।