ਪੱਲੇਕੇਲੇ: ਏਸ਼ੀਆ ਕੱਪ 'ਚ ਸ਼ਨੀਵਾਰ ਨੂੰ ਜਦੋਂ ਭਾਰਤ ਅਤੇ ਪਾਕਿਸਤਾਨ ਆਹਮੋ-ਸਾਹਮਣੇ ਹੋਣਗੇ ਤਾਂ ਇਹ ਵਿਸ਼ਵ ਕੱਪ ਲਈ ਡਰੈੱਸ ਰਿਹਰਸਲ ਵਾਂਗ ਹੋਵੇਗਾ, ਜਿਸ 'ਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਖਿਡਾਰੀ ਹਰਿਸ ਰਊਫ ਅਤੇ ਸ਼ਾਹੀਨ ਸ਼ਾਹ ਅਫਰੀਦੀ ਦੀ ਅਗਵਾਈ 'ਚ ਪਾਕਿਸਤਾਨ ਦੇ ਧਮਾਕੇਦਾਰ ਤੇਜ਼ ਹਮਲੇ ਦਾ ਸਾਹਮਣਾ ਕਰਨਗੇ। ਏਸ਼ੀਆ ਕੱਪ 50 ਓਵਰਾਂ ਦੇ ਫਾਰਮੈਟ ਵਿੱਚ ਕਰਵਾਇਆ ਜਾ ਰਿਹਾ ਹੈ, ਜੋ ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਤਿਆਰੀ ਲਈ ਮਹੱਤਵਪੂਰਨ ਹੋਵੇਗਾ। ਦੂਜੇ ਪਾਸੇ ਆਯੋਜਕਾਂ ਅਤੇ ਕ੍ਰਿਕਟ ਪ੍ਰੇਮੀਆਂ ਲਈ ਭਾਰਤ ਅਤੇ ਪਾਕਿਸਤਾਨ ਦਾ ਮੈਚ ਸਾਰੇ ਮੈਚਾਂ ਨਾਲੋਂ ਵੱਡਾ ਰਿਹਾ।
ਪ੍ਰਸਿੱਧੀ ਦੇ ਸਿਖਰ ਤੱਕ ਪਹੁੰਚਣ ਦਾ ਮੌਕਾ: ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਅਜੇ ਵੀ ਯਾਦ ਹੋਵੇਗਾ ਕਿ ਕੋਹਲੀ ਨੇ ਪਿਛਲੇ ਸਾਲ ਦੇ ਟੀ-20 ਵਿਸ਼ਵ ਕੱਪ 'ਚ ਰਾਊਫ ਦੀ ਗੇਂਦ 'ਤੇ ਸ਼ਾਨਦਾਰ ਸ਼ਾਟ ਲਗਾਇਆ ਸੀ। ਇਸ ਦੇ ਨਾਲ ਹੀ ਪਾਕਿਸਤਾਨੀ ਪ੍ਰਸ਼ੰਸਕ ਇਹ ਵੀ ਨਹੀਂ ਭੁੱਲਣਗੇ ਜਦੋਂ ਸ਼ਾਹੀਨ ਦੀਆਂ ਤੇਜ਼ ਗੇਂਦਾਂ ਦਾ ਸਾਹਮਣਾ ਕਰਨ 'ਚ ਨਾਕਾਮ ਰਹੇ ਰੋਹਿਤ ਨੂੰ ਐੱਲ.ਬੀ.ਡਬਲਯੂ. ਕੀਤਾ ਸੀ। ਅਜਿਹੇ ਪ੍ਰਦਰਸ਼ਨ ਹੀ ਖਿਡਾਰੀਆਂ ਨੂੰ ਦਿੱਗਜ ਬਣਾਉਂਦੇ ਹਨ ਅਤੇ ਏਸ਼ੀਆ ਕੱਪ ਵਿੱਚ ਦੋਵਾਂ ਟੀਮਾਂ ਦੇ ਸਿਤਾਰਿਆਂ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਪ੍ਰਸਿੱਧੀ ਦੇ ਸਿਖਰ ਤੱਕ ਪਹੁੰਚਣ ਦਾ ਇੱਕ ਹੋਰ ਮੌਕਾ ਮਿਲੇਗਾ।
ਮੀਂਹ ਕਰ ਸਕਦਾ ਹੈ ਮਜ਼ਾ ਖ਼ਰਾਬ: ਮੌਸਮ ਵਿਭਾਗ ਨੇ ਸ਼ਨੀਵਾਰ ਨੂੰ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਦੋਵਾਂ ਟੀਮਾਂ ਦੇ ਪ੍ਰਸ਼ੰਸਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰਨ ਦੀ ਸੰਭਾਵਨਾ ਹੈ। ਭਾਰਤੀ ਕੈਂਪ ਜ਼ਰੂਰ ਪ੍ਰਾਰਥਨਾ ਕਰ ਰਿਹਾ ਹੋਵੇਗਾ ਕਿ ਵਿਰਾਟ, ਰੋਹਿਤ ਅਤੇ ਸ਼ੁਭਮਨ ਗਿੱਲ ਦੀ ਤਿਕੜੀ ਰਊਫ, ਸ਼ਾਹੀਨ ਅਤੇ ਨਸੀਮ ਸ਼ਾਹ ਦਾ ਮੁਕਾਬਲਾ ਕਰ ਸਕੇ। ਮੌਸਮ ਨੂੰ ਦੇਖਦੇ ਹੋਏ ਪਾਕਿਸਤਾਨੀ ਤਿਕੜੀ ਪਾਵਰਪਲੇ 'ਚ ਖਤਰਨਾਕ ਸਾਬਤ ਹੋ ਸਕਦੀ ਹੈ। ਦੋਵਾਂ ਟੀਮਾਂ ਦੇ ਮੱਧਕ੍ਰਮ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਪਹਿਲੇ ਦੋ ਮੈਚਾਂ ਤੋਂ ਬਾਹਰ ਹੋਏ ਕੇਐਲ ਰਾਹੁਲ ਦੀ ਗੈਰਹਾਜ਼ਰੀ ਨੇ ਭਾਰਤ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਅਜਿਹੇ 'ਚ ਮੱਧਕ੍ਰਮ 'ਚ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਨੂੰ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ ਪਰ ਚੌਥੇ ਅਤੇ ਪੰਜਵੇਂ ਨੰਬਰ ਨੂੰ ਲੈ ਕੇ ਕੁਝ ਵੀ ਤੈਅ ਨਹੀਂ ਹੈ।
ਲੈਅ 'ਚ ਹੈ ਪਾਕਿਸਤਾਨੀ ਟੀਮ: ਕਿਸ਼ਨ ਨੇ ਕਦੇ ਵੀ ਪੰਜਵੇਂ ਨੰਬਰ 'ਤੇ ਬੱਲੇਬਾਜ਼ੀ ਨਹੀਂ ਕੀਤੀ ਅਤੇ ਮੱਧਕ੍ਰਮ 'ਚ ਔਸਤ ਸਿਰਫ 22.75 ਹੈ। ਦੂਜੇ ਪਾਸੇ ਪਾਕਿਸਤਾਨੀ ਟੀਮ 'ਚ ਫਿਟਨੈੱਸ ਦੀ ਕੋਈ ਸਮੱਸਿਆ ਨਹੀਂ ਹੈ ਪਰ ਖਿਡਾਰੀਆਂ ਨੂੰ ਵਨਡੇ 'ਚ ਜ਼ਿਆਦਾ ਤਜਰਬਾ ਨਹੀਂ ਹੈ। ਵਿਸ਼ਵ ਕੱਪ 2019 ਤੋਂ ਬਾਅਦ, ਪਾਕਿਸਤਾਨ ਨੇ ਸਿਰਫ 29 ਵਨਡੇ ਖੇਡੇ ਹਨ ਜਦਕਿ ਭਾਰਤ ਨੇ 57 ਮੈਚ ਖੇਡੇ ਹਨ। ਪਾਕਿਸਤਾਨ ਨੇ ਇਸ ਸਾਲ 29 'ਚੋਂ 12 ਮੈਚ ਖੇਡੇ ਹਨ। ਉਸ ਦੇ ਚੋਟੀ ਦੇ ਤਿੰਨ ਬੱਲੇਬਾਜ਼ਾਂ ਬਾਬਰ ਆਜ਼ਮ (689 ਦੌੜਾਂ), ਫਖਰ ਜ਼ਮਾਨ (593 ਦੌੜਾਂ) ਅਤੇ ਇਮਾਮੁਲ ਹੱਕ (361 ਦੌੜਾਂ) ਨੇ ਲਗਾਤਾਰ ਦੌੜਾਂ ਬਣਾਈਆਂ ਹਨ। ਉਸਾਮਾ ਮੀਰ, ਸਾਊਦ ਸ਼ਕੀਲ ਅਤੇ ਆਗਾ ਸਲਮਾਨ ਹਾਲਾਂਕਿ ਲਗਾਤਾਰ ਚੰਗਾ ਖੇਡਣ 'ਚ ਨਾਕਾਮ ਰਹੇ ਹਨ।