ਚੰਡੀਗੜ੍ਹ:ਕ੍ਰਿਕਟ ਦੇ ਮਹਾਂਕੁੰਭ ਜਾਂ ਕਹਿ ਲਈਏ ਇਕ ਦਿਨਾਂ ਮੈਚਾਂ ਦਾ ਪੁਰਸ਼ ਵਿਸ਼ਵ ਕੱਪ 5 ਅਕਤੂਬਰ ਤੋਂ ਭਾਰਤ ਦੀ ਮੇਜ਼ਬਾਨੀ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਆਈਸੀਸੀ ਵੱਲੋਂ ਇਸ ਵਿਸ਼ਵ ਕੱਪ ਦਾ ਜਿਵੇਂ ਹੀ ਸਾਰਾ ਸ਼ਡਿਊਲ ਜਾਰੀ ਕੀਤਾ ਗਿਆ ਉਸ ਨਾਲ ਪੂਰੇ ਦੇਸ਼ ਵਿੱਚ ਤਾਂ ਖੁਸ਼ੀ ਦੀ ਲਹਿਰ ਦੌੜ ਗਈ ਪਰ ਪੰਜਾਬ ਦੇ ਲੋਕਾਂ ਨੂੰ ਇਸ ਸ਼ਡਿਊਲ ਨੇ ਇੱਕ ਡੂੰਘੇ ਦੁੱਖ ਤੋਂ ਇਲਾਵਾ ਕੁੱਝ ਵੀ ਨਹੀਂ ਦਿੱਤਾ। ਦਰਅਸਲ ਮੁਹਾਲੀ ਦੇ ਵਿਸ਼ਵ ਪ੍ਰਸਿੱਧ ਪੰਜਾਬ ਕ੍ਰਿਕਟ ਐਕਡਮੀ ਸਟੇਡੀਅਮ ਵਿੱਚ ਇੱਕ ਵੀ ਮੈਚ 2023 ਵਿਸ਼ਵ ਕੱਪ ਦਾ ਨਹੀਂ ਖੇਡਿਆ ਜਾਵੇਗਾ।
ਮੁਹਾਲੀ ਕੋਲ਼ ਨਹੀਂ ਕਿਸੇ ਮੈਚ ਦੀ ਮੇਜ਼ਬਾਨੀ:ਮੁਹਾਲੀ ਦਾ ਸ਼ਾਨਦਾਰ ਕ੍ਰਿਕਟ ਸਟੇਡੀਅਮ ਹੁਣ ਤੱਕ ਬਹੁਤ ਸਾਰੇ ਇਤਿਹਾਸਕ ਮੈਚਾਂ ਦਾ ਗਵਾਹ ਬਣਿਆ ਹੈ ਅਤੇ ਦੁਨੀਆਂ ਦੀ ਸਭ ਤੋਂ ਵੱਡੀ ਘਰੇਲੂ ਕ੍ਰਿਕਟ ਲੀਗ ਆਈਪੀਐੱਲ ਦੇ ਮੈਚ ਵੀ ਇੱਥੇ ਖੇਡੇ ਗਏ ਹਨ। ਦੂਜੇ ਪਾਸੇ ਇਸ ਵਾਰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਇੱਕ ਵੀ ਮੈਚ 2023 ਵਿਸ਼ਵ ਕੱਪ ਦਾ ਮੈਚ ਮੁਹਾਲੀ ਵਿੱਚ ਨਹੀਂ ਰੱਖਿਆ। ਇਸ ਗੱਲ ਉੱਤੇ ਯਕੀਨ ਕਰਨਾ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਲਈ ਬਹੁਤ ਔਖਾ ਹੈ। ਇਸ ਵਾਰ ਇਹ ਤੈਅ ਹੈ ਕਿ ਪੰਜਾਬ ਦੇ ਦਰਸ਼ਕ ਆਪਣੀਆਂ ਅੱਖਾਂ ਸਾਹਮਣੇ ਉਨ੍ਹਾਂ ਦੇ ਚਹੇਤੇ ਕ੍ਰਿਕਟਰਾਂ ਨੂੰ ਨਹੀਂ ਵੇਖ ਸਕਣਗੇ।