ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ 2023 ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਗੁਜਰਾਤ ਜਾਇੰਟਸ ਨੂੰ 143 ਦੌੜਾਂ ਨਾਲ ਹਰਾਇਆ। ਮੁੰਬਈ ਨੇ ਇਸ WPL ਦੇ ਪਹਿਲੇ ਸੀਜ਼ਨ ਦੀ ਸ਼ੁਰੂਆਤ ਧਮਾਕੇ ਨਾਲ ਕੀਤੀ ਹੈ। ਟੀਮ ਦੇ ਸਪਿਨ ਗੇਂਦਬਾਜ਼ ਸਾਇਕ ਇਸ਼ਾਕ ਨੇ ਮੁੰਬਈ ਨੂੰ ਜਿੱਤ ਦਿਵਾਉਣ 'ਚ ਵੱਡੀ ਭੂਮਿਕਾ ਨਿਭਾਈ ਹੈ। ਇਕ ਪਾਸੇ ਮੁੰਬਈ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਪਣੇ ਬੱਲੇ ਨਾਲ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਦੂਜੇ ਪਾਸੇ ਗੇਂਦਬਾਜ਼ ਸਾਇਕ ਇਸ਼ਾਕ ਨੇ 4 ਵਿਕਟਾਂ ਲੈ ਕੇ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਸਾਇਕ ਇਸ਼ਾਕ ਦੀ ਉਮਰ ਸਿਰਫ਼ 27 ਸਾਲ ਹੈ। ਪਰ ਉਸ ਨੇ ਆਪਣੀ ਗੇਂਦਬਾਜ਼ੀ ਨਾਲ ਸਾਰੇ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ।
ਮੁੰਬਈ ਇੰਡੀਅਨਜ਼: WPL ਲੀਗ ਦੇ ਪਹਿਲੇ ਮੈਚ 'ਚ ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਜਾਇੰਟਸ ਨੂੰ 208 ਦੌੜਾਂ ਦਾ ਟੀਚਾ ਦਿੱਤਾ ਸੀ। ਮੁੰਬਈ ਨੇ 20 ਓਵਰਾਂ ਵਿੱਚ 208 ਦੌੜਾਂ ਬਣਾਈਆਂ ਸਨ। ਪਰ ਗੁਜਰਾਤ ਦੀ ਟੀਮ 15 ਓਵਰਾਂ ਵਿੱਚ 64 ਦੌੜਾਂ ਬਣਾ ਕੇ ਢੇਰ ਹੋ ਗਈ। ਮੁੰਬਈ ਦੀ ਸਾਇਕ ਇਸ਼ਾਕ ਨੇ ਇਸ ਮੈਚ ਦੀ ਪਾਰੀ 'ਚ 3.1 ਓਵਰਾਂ 'ਚ ਗੇਂਦਬਾਜ਼ੀ ਕੀਤੀ। 27 ਸਾਲਾ ਸਾਇਕ ਇਸ਼ਾਕ ਨੇ ਇਨ੍ਹਾਂ ਓਵਰਾਂ 'ਚ 11 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਟੀਮ ਨੇ 7 ਓਵਰਾਂ ਦੇ ਅੰਦਰ ਹੀ ਆਪਣੀਆਂ ਪਹਿਲੀਆਂ 5 ਵਿਕਟਾਂ ਗੁਆ ਦਿੱਤੀਆਂ। ਸਟਾਰ ਖਿਡਾਰਨ ਹਰਲੀਨ ਦਿਓਲ, ਐਸ਼ਲੇ ਗਾਰਡਨਰ ਅਤੇ ਕਪਤਾਨ ਬੇਥ ਮੂਨੀ ਬਿਨ੍ਹਾਂ ਖਾਤਾ ਖੋਲ੍ਹੇ ਵਾਪਸ ਪਰਤ ਆਈਆਂ।