ਹੈਦਰਾਬਾਦ:ਆਈਪੀਐਲ 2022 ਸ਼ੁਰੂ ਹੋਣ ਵਿੱਚ ਸਿਰਫ਼ ਦੋ ਦਿਨ ਬਾਕੀ ਹਨ। ਪਰ ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਹੈਰਾਨ ਕਰਨ ਵਾਲਾ ਫੈਸਲਾ ਲਿਆ ਹੈ। ਚਾਰ ਵਾਰ ਦੀ ਚੈਂਪੀਅਨ CSK ਨੇ ਰਵਿੰਦਰ ਜਡੇਜਾ ਨੂੰ ਆਪਣਾ ਨਵਾਂ ਕਪਤਾਨ ਬਣਾਇਆ ਹੈ। ਮਹਿੰਦਰ ਸਿੰਘ ਧੋਨੀ ਨੇ ਚੇਨਈ ਸੁਪਰ ਕਿੰਗਜ਼ (CSK) ਦੀ ਕਪਤਾਨੀ ਛੱਡ ਦਿੱਤੀ ਹੈ। ਉਨ੍ਹਾਂ ਦੀ ਜਗ੍ਹਾ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਕਮਾਨ ਸੌਂਪੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਚੇਨਈ ਦੀ ਟੀਮ ਨੇ ਜਡੇਜਾ ਅਤੇ ਧੋਨੀ ਸਮੇਤ ਚਾਰ ਖਿਡਾਰੀਆਂ ਨੂੰ ਰਿਟੇਨ ਕੀਤਾ ਸੀ। ਜਡੇਜਾ ਨੂੰ ਫ੍ਰੈਂਚਾਇਜ਼ੀ ਨੇ 16 ਕਰੋੜ ਰੁਪਏ 'ਚ ਬਰਕਰਾਰ ਰੱਖਿਆ। ਜਦਕਿ ਧੋਨੀ ਨੂੰ ਇਸ ਸੀਜ਼ਨ ਲਈ ਸਿਰਫ 12 ਕਰੋੜ 'ਚ ਹੀ ਬਰਕਰਾਰ ਰੱਖਿਆ ਗਿਆ ਸੀ। ਇਸ ਤੋਂ ਸ਼ੁਰੂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਜਡੇਜਾ ਨੂੰ ਕਪਤਾਨ ਬਣਾਇਆ ਜਾ ਸਕਦਾ ਹੈ। ਉਸ ਤੋਂ ਇਲਾਵਾ ਮੋਈਨ ਅਲੀ ਨੂੰ ਕਰੋੜਾਂ 'ਚ ਅਤੇ ਰਿਤੂਰਾਜ ਗਾਇਕਵਾੜ ਨੂੰ ਛੇ ਕਰੋੜ 'ਚ ਬਰਕਰਾਰ ਰੱਖਿਆ ਗਿਆ ਹੈ।
ਮੌਜੂਦਾ ਚੈਂਪੀਅਨ ਚੇਨਈ ਨੇ ਵਾਨਖੇੜੇ ਸਟੇਡੀਅਮ ਵਿੱਚ 26 ਮਾਰਚ ਨੂੰ ਕੋਲਕਾਤਾ ਖ਼ਿਲਾਫ਼ ਪਹਿਲਾ ਮੈਚ ਖੇਡਣਾ ਹੈ। ਪਰ ਇਸ ਤੋਂ ਪਹਿਲਾਂ ਚਾਰ ਵਾਰ ਦੀ ਚੈਂਪੀਅਨ ਸੀਐਸਕੇ ਵਿੱਚ ਇੱਕ ਵੱਡਾ ਬਦਲਾਅ ਹੋਇਆ ਹੈ। ਧੋਨੀ ਆਈਪੀਐਲ ਦੇ ਇਤਿਹਾਸ ਵਿੱਚ ਦੂਜੇ ਸਫਲ ਕਪਤਾਨ ਹਨ। ਉਸਦੀ ਅਗਵਾਈ ਵਿੱਚ ਸੀਐਸਕੇ ਨੇ ਸਾਲ 2010, 2011, 2018 ਅਤੇ 2021 ਵਿੱਚ ਚਾਰ ਵਾਰ ਖਿਤਾਬ ਜਿੱਤਿਆ। ਧੋਨੀ ਦੀ ਅਗਵਾਈ 'ਚ ਚੇਨਈ ਨੇ 121 ਮੈਚ ਜਿੱਤੇ ਹਨ।
ਜਡੇਜਾ ਚੇਨਈ ਟੀਮ ਦੇ ਤੀਜੇ ਕਪਤਾਨ ਹੋਣਗੇ
33 ਸਾਲਾ ਜਡੇਜਾ 2012 ਤੋਂ ਚੇਨਈ ਟੀਮ ਦੇ ਨਾਲ ਹਨ। ਉਹ ਸੀਐਸਕੇ ਟੀਮ ਦੇ ਤੀਜੇ ਕਪਤਾਨ ਹੋਣਗੇ। ਮਹਿੰਦਰ ਸਿੰਘ ਧੋਨੀ ਆਈਪੀਐਲ ਦੇ ਪਹਿਲੇ ਸੀਜ਼ਨ ਯਾਨੀ 2008 ਤੋਂ ਟੀਮ ਦੀ ਅਗਵਾਈ ਕਰ ਰਹੇ ਸਨ। ਧੋਨੀ ਨੇ 213 ਮੈਚਾਂ 'ਚ ਕਪਤਾਨੀ ਕਰਦੇ ਹੋਏ 130 ਮੈਚਾਂ 'ਚ ਟੀਮ ਨੂੰ ਜਿੱਤ ਦਿਵਾਈ ਹੈ। ਇਸ ਵਿਚਾਲੇ ਸੁਰੇਸ਼ ਰੈਨਾ ਨੇ 6 ਮੈਚਾਂ 'ਚ ਕਪਤਾਨੀ ਵੀ ਕੀਤੀ ਹੈ। ਜਿਨ੍ਹਾਂ 'ਚੋਂ ਟੀਮ ਸਿਰਫ ਦੋ ਮੈਚ ਹੀ ਜਿੱਤ ਸਕੀ ਹੈ।