ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜਾ ਟੈਸਟ ਮੈਚ ਚੱਲ ਰਿਹਾ ਹੈ। ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਰੀਕਾ ਦੇ ਇਸ ਫੈਸਲੇ ਨੂੰ ਮੁਹੰਮਦ ਸਿਰਾਜ ਨੇ ਗਲਤ ਸਾਬਤ ਕੀਤਾ। ਅਫਰੀਕੀ ਬੱਲੇਬਾਜ਼ ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਦਾ ਕਹਿਰ ਬਰਦਾਸ਼ਤ ਨਹੀਂ ਕਰ ਸਕੇ ਅਤੇ ਇੱਕ ਤੋਂ ਬਾਅਦ ਇੱਕ 6 ਬੱਲੇਬਾਜ਼ ਸਿਰਾਜ ਦਾ ਸ਼ਿਕਾਰ ਹੋ ਗਏ। ਅਫ਼ਰੀਕਾ ਖ਼ਿਲਾਫ਼ ਮੁਹੰਮਦ ਸਿਰਾਜ ਦਾ ਇਹ ਪ੍ਰਦਰਸ਼ਨ ਉਸ ਦੇ ਕਰੀਅਰ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਇੱਕ ਤੋਂ ਬਾਅਦ ਇੱਕ ਝਟਕਾਈਆਂ 6 ਵਿਕਟਾਂ: ਮੁਹੰਮਦ ਸਿਰਾਜ ਨੇ ਪਹਿਲਾਂ ਪਾਰੀ ਦੇ ਚੌਥੇ ਓਵਰ ਵਿੱਚ ਐਡਮ ਮਾਰਕਰਮ ਨੂੰ 2 ਦੌੜਾਂ ਦੇ ਸਕੋਰ ’ਤੇ ਆਊਟ ਕੀਤਾ। ਇਸ ਤੋਂ ਬਾਅਦ ਪਾਰੀ ਦੇ ਛੇਵੇਂ ਓਵਰ 'ਚ ਸਿਰਾਜ ਨੇ ਡੀਨ ਐਲਗਰ ਨੂੰ 4 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਮੁਹੰਮਦ ਸਿਰਾਜ ਇੱਥੇ ਹੀ ਨਹੀਂ ਰੁਕੇ, ਇਸ ਤੋਂ ਬਾਅਦ ਉਨ੍ਹਾਂ ਨੇ ਟੋਨੀ ਜਾਰਜੀ ਨੂੰ 2 ਦੌੜਾਂ 'ਤੇ, ਡੇਵਿਡ ਬੇਡਿੰਘਮ ਨੂੰ 12 ਦੌੜਾਂ 'ਤੇ, ਮਾਰਕੋ ਜੌਹਨਸਨ ਨੂੰ 1 ਦੌੜ 'ਤੇ ਅਤੇ ਵਿਕਟਕੀਪਰ ਕਾਈਲ ਵੇਰੀਨ ਨੂੰ 15 ਦੌੜਾਂ 'ਤੇ ਪਵੇਲੀਅਨ ਭੇਜਿਆ।