ਹੈਦਰਾਬਾਦ: ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਗੁਜਰਾਤ ਟਾਈਟਨਸ ਦੇ ਖ਼ਿਲਾਫ਼ ਮੈਚ ਵਿੱਚ ਆਈਪੀਐਲ ਦੇ ਇਸ ਸੀਜ਼ਨ ਦਾ ਪਹਿਲਾ ਅਰਧ ਸੈਂਕੜਾ ਲਗਾਇਆ। ਕੋਹਲੀ 53 ਗੇਂਦਾਂ 'ਤੇ 58 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸ਼ਮੀ ਨੇ ਆਊਟ ਕੀਤਾ। ਇਸ ਤੋਂ ਪਹਿਲਾਂ ਜਦੋਂ ਮੁਹੰਮਦ ਸ਼ਮੀ ਆਰਸੀਬੀ ਦੀ ਪਾਰੀ ਦਾ 13ਵਾਂ ਓਵਰ ਸੁੱਟਣ ਆਏ ਤਾਂ ਵਿਰਾਟ ਕ੍ਰੀਜ਼ 'ਤੇ ਸਨ। ਵਿਰਾਟ ਨੇ ਸ਼ਮੀ ਦੀ ਗੇਂਦ 'ਤੇ ਇਕ ਦੌੜ ਲੈ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਲੰਬੇ ਸਮੇਂ ਬਾਅਦ ਫਾਰਮ 'ਚ ਵਾਪਸੀ ਕਰ ਰਹੇ ਕੋਹਲੀ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਰਾਹਤ ਮਹਿਸੂਸ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਵਿਰੋਧੀ ਟੀਮ ਦੇ ਬਾਵਜੂਦ ਮੁਹੰਮਦ ਸ਼ਮੀ ਨੇ ਵਿਰਾਟ ਦਾ ਅਰਧ ਸੈਂਕੜਾ ਪੂਰਾ ਕਰਨ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਸਾਬਕਾ ਭਾਰਤੀ ਕਪਤਾਨ ਦੀ ਪਿੱਠ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਸ਼ਮੀ ਦੀ ਇਸ ਖੇਡ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ। ਸ਼ਮੀ ਦੇ ਇਸ ਹਾਵ-ਭਾਵ ਦੀ ਪ੍ਰਸ਼ੰਸਕ ਤਾਰੀਫ ਕਰ ਰਹੇ ਹਨ।